India International Punjab

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਮੈਂਬਰੀ ਜਥਾ ਅਰਦਾਸ ਕਰਕੇ ਦਿੱਲੀ ਪਾਰਲੀਮੈਂਟ ਹਾਊਸ ਜਾਵੇਗਾ ਗ੍ਰਿਫਤਾਰੀ ਦੇਣ

ਦ ਖ਼ਾਲਸ ਬਿਊਰੋ(ਪੁਨੀਤ ਕੌਰ):- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਸਾਨੀ ਅੰਦੋਲਨ ਨਾਲ ਸਬੰਧਿਤ ਸਾਰੇ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਲੀਡਰਾਂ ਨੂੰ ਅੱਜ ਸਵੇਰੇ 11 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ। ਕਿਸਾਨੀ ਅੰਦੋਲਨ ਦੌਰਾਨ ਹੋਈਆਂ ਗ੍ਰਿਫਤਾਰੀਆਂ, ਕਿਸਾਨਾਂ ਉੱਤੇ ਬਣਾਏ ਗਏ ਝੂਠੇ ਕੇਸਾਂ ਅਤੇ ਲਾਪਤਾ ਹੋਏ ਇਨਸਾਨਾਂ ਦੀ ਭਾਲ ਅਤੇ ਰਿਹਾਈ ਲਈ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਮੈਂਬਰੀ ਜਥਾ ਅਰਦਾਸ ਕਰਕੇ ਦਿੱਲੀ ਪਾਰਲੀਮੈਂਟ ਹਾਊਸ ਵਿਖੇ ਗ੍ਰਿਫਤਾਰੀ ਦੇਣ ਲਈ ਜਾਵੇਗਾ।

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘ਦਿੱਲੀ ‘ਚ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਨੌਜਵਾਨੀ ਵੱਲੋਂ ਕੀਤੀ ਗਈ ਫ਼ਖਰ ਵਾਲੀ ਕਾਰਵਾਈ ਨੂੰ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾ ਬਣਾਉਂਦੇ ਹੋਏ ਕਰੀਬ 177 ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਉੱਤੇ ਝੂਠੇ ਕੇਸ ਦਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਅਸੀਂ ਸਖਤ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ’।