‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :-  ਸਤਿਕਾਰ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਬਲੀਕੇਸ਼ਨ ਵਿਭਾਗ  ‘ਚੋਂ ਲਾਪਤਾ ਹੋਏ ਸਰੂਪਾਂ ਦੇ ਮਾਮਲੇ ‘ਤੇ ਕੱਲ੍ਹ 16 ਸਤੰਬਰ ਨੂੰ ਪੁਲੀਸ ਕਮਿਸ਼ਨਰ ਨੂੰ ਇੱਕ ਦਰਖ਼ਾਸਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਧਰਨਾ ਸਥਾਨ ਬਦਲ ਲਿਆ ਤੇ ਕੱਲ੍ਹ ਤੀਜੇ ਦਿਨ ਵੀ ਮੋਰਚਾ ਜਾਰੀ ਰੱਖਿਆ। ਇਸ ਤੋਂ ਪਹਿਲਾਂ ਨਿਹੰਗ ਸਿੰਘਾਂ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਧਰਨੇ ਵਾਲੀ ਥਾਂ ’ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਰੋਕ ਦਿੱਤਾ। ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ ਪਰ ਮਗਰੋਂ ਇਨ੍ਹਾਂ ਸਾਰਿਆਂ ਨੂੰ ਧਰਨਾ ਸਥਾਨ ’ਤੇ ਜਾਣ ਦਿੱਤਾ ਗਿਆ।

ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ, ਸਿਰਲੱਥ ਖਾਲਸਾ ਦੇ ਦਿਲਬਾਗ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਜਗਜੋਤ ਸਿੰਘ ਖ਼ਾਲਸਾ ਤੇ ਵਕੀਲ ਸਿਮਰਨਜੀਤ ਸਿੰਘ ’ਤੇ ਆਧਾਰਿਤ ਵਫ਼ਦ ਨੇ ਕੱਲ੍ਹ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਲਾਪਤਾ ਸਰੂਪ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦਰਖ਼ਾਸਤ ਦੇਣ ਮਗਰੋਂ ਗੱਲਬਾਤ ਦੌਰਾਨ ਸਿੱਖ ਆਗੂਆਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਫ਼ੌਜਦਾਰੀ ਕਾਰਵਾਈ ਕਰਨ ਦੇ ਫ਼ੈਸਲੇ ਤੋਂ ਪਿਛਾਂਹ ਹਟ ਗਈ ਹੈ।

ਪਬਲੀਕੇਸ਼ਨ ਵਿਭਾਗ ਸਮੇਤ ਹੋਰ ਥਾਵਾਂ ’ਤੇ CCTV ਕੈਮਰੇ ਲਾਉਣ ਦਾ ਮਤਾ ਹੋਇਆ ਸੀ, ਪਰ ਇਹ ਕੈਮਰੇ ਨਹੀਂ ਲਾਏ ਗਏ। ਸਿੱਖ ਆਗੂਆਂ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਸਬੰਧੀ ਦਰਖਾਸਤ ਆਉਣ ਤੋਂ ਬਾਅਦ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਧਰਨਾ ਹੁਣ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਾਹਮਣੇ ਉਸਾਰੀ ਅਧੀਨ ਇਮਾਰਤ ਹੇਠਾਂ ਲਾਇਆ ਗਿਆ ਹੈ। ਇਸ ਦੌਰਾਨ ਦੇਰ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਵੱਲ ਜਾਂਦੀਆਂ ਰੋਕਾਂ ਹਟਾ ਦਿੱਤੀਆਂ ਹਨ।

ਟਾਸਕ ਫੋਰਸ ਵੱਲੋਂ ਸਿੱਖ ਸੰਗਤ ’ਤੇ ਹਮਲੇ ਦੀ ਵਿਧਾਇਕ ਬਲਵਿੰਦਰ ਬੈਂਸ ਵੱਲੋਂ ਨਿਖੇਧੀ 

ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਦੱਖਣੀ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਪਾਵਨ ਸਰੂਪਾਂ ਬਾਰੇ ਜਾਣਕਾਰੀ ਲੈਣ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ ’ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਖੁਰਦ ਬੁਰਦ ਕਰਨ ਦੀ ਘਟਨਾ ਨੂੰ ਸਿੱਖ ਸੰਗਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

Leave a Reply

Your email address will not be published. Required fields are marked *