‘ਦ ਖ਼ਾਲਸ ਬਿਊਰੋ:- ਗਾਇਬ ਹੋਏ ਪਾਵਨ ਸਰੂਪਾਂ ਦੇ ਸੰਬੰਧ ਵਿੱਚ ਅੱਜ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਜਿਸਦੀ ਅਗਵਾਈ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ। ਸਾਰੀ ਸੰਗਤ ਸਾਹਮਣੇ ਘੰਟਾ ਘਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਰਹੀ।

 

 

ਭਾਈ ਰਣਜੀਤ ਸਿੰਘ ਨੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚੈਲੇਂਜ ਕੀਤਾ ਸੀ ਕਿ ਉਹ ਪ੍ਰੈੱਸ ਸਾਹਮਣੇ ਆ ਕੇ ਗਾਇਬ ਹੋਏ ਪਾਵਨ ਸਰੂਪਾਂ ਸੰਬੰਧੀ ਡਿਬੇਟ ਕਰਨ। ਭਾਈ ਰਣਜੀਤ ਸਿੰਘ ਨੇ 3 ਵਜੇ ਤੱਕ ਦਾ ਸਮਾਂ ਦਿੱਤਾ ਸੀ ਕਿ ਸਾਡੇ ਸਵਾਲਾਂ ਦਾ ਬਾਹਰ ਆ ਕੇ ਜਵਾਬ ਦਿਓ। ਭਾਈ ਲੌਂਗੋਵਾਲ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾਂ ਨਹੀਂ ਆਏ, ਜਿਸਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਉੱਥੇ ਪਹੁੰਚੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ।

 

 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਾਇਬ ਹੋਏ 328 ਪਾਵਨ ਸਰੂਪਾਂ ਤੋਂ ਇਲਾਵਾ ਜੂਨ ’84 ਵੇਲੇ ਫੌਜ ਵੱਲੋਂ ਚੁੱਕਿਆ ਗਿਆ ਬੇਸ਼ਕੀਮਤੀ ਸਮਾਨ ਵੀ ਸਾਨੂੰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਫੌਜ ਕਹਿ ਚੁੱਕੀ ਹੈ ਕਿ ਅਸੀਂ ਸਾਰਾ ਸਮਾਨ ਵਾਪਸ ਕਰ ਚੁੱਕੇ ਹਾਂ। ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਬੇਸ਼ਕੀਮਤੀ 200 ਹੱਥ ਲਿਖਤ ਗ੍ਰੰਥ, 28 ਹੁਕਮਨਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ, ਮਾਤਾ ਸੁੰਦਰੀ ਜੀ ਅਤੇ ਮਾਤਾ ਗੁਜਰੀ ਜੀ ਦੇ ਹੁਕਮਨਾਮੇ ਇਹ ਸਾਰਾ ਬੇਸ਼ਕੀਮਤੀ ਸਮਾਨ ਸਾਨੂੰ ਨਹੀਂ ਮਿਲ ਰਿਹਾ। ਕਮੇਟੀ ਜਵਾਬ ਦੇਵੇ ਕਿ ਇਹ ਕਿੱਥੇ ਗਿਆ।

 

 

ਭਾਈ ਰਣਜੀਤ ਸਿੰਘ ਨੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਜਨਤਕ ਕੀਤੀ ਗਈ ਜਾਂਚ ਰਿਪੋਰਟ ਨਕਲੀ ਹੈ, ਅਸਲ ਜਾਂਚ ਰਿਪੋਰਟ ਛੁਪਾਈ ਗਈ ਹੈ। ਉਹਨਾਂ ਕਿਹਾ ਕਿ ਇਸ ਜਾਂਚ ਰਿਪੋਰਟ ਵਿੱਚ ਲਿਖਿਆ ਹੋਇਆ ਹੈ ਕਿ ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਦੋਸ਼ੀ ਹੈ, ਤਾਂ ਫਿਰ ਉਸਨੂੰ ਸਜਾ ਕਿਉਂ ਨਹੀਂ ਦਿੱਤੀ ਜਾਂਦੀ।

 

 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਦੀ ਬਾਦਲਾਂ ਨਾਲ ਮਿਲੀਭੁਗਤ ਨਹੀਂ ਹੈਂ ਤਾਂ ਉਹ ਜਲਦੀ ਤੋਂ ਜਲਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਏ, ਨਹੀਂ ਤਾਂ ਅਸੀਂ ਆਖਾਂਗੇ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ।

Leave a Reply

Your email address will not be published. Required fields are marked *