‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਐੱਸਜੀਪੀਸੀ ਨੇ ਖ਼ਾਲਸਾ ਪੰਥ ਸਾਹਮਣੇ ਸਬੂਤ ਪੇਸ਼ ਹੋਣ ਦੇ ਡਰੋਂ ਕਰੋਨਾ ਦਾ ਬਹਾਨਾ ਲਗਾ ਕੇ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਸਖਤ ਵਿਰੋਧ ਕੀਤਾ।

ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਮੌਜੂਦਾ ਅੰਤ੍ਰਿਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਨ੍ਹੇ, ਸ਼੍ਰੋਮਣੀ ਕਮੇਟੀ ਮੈਂਬਰ ਸਿਰਸਾ ਹਰਿਆਣਾ ਗੁਰਮੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕਾਮਪੁਰਾ ਫੂਲ ਬੀਬੀ ਜਸਪਾਲ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬਜਟ ਪੇਸ਼ ਕਰਨ ਜਾ ਰਹੀ ਹੈ, ਉਸ ਵਿੱਚ ਬਹੁਤ ਵੱਡਾ ਧੋਖਾ ਹੈ, ਉਸ ਵਿੱਚ ਲੁਕੋ ਹੈ ਭਾਵ ਸੰਗਤਾਂ ਤੋਂ ਬਹੁਤ ਕੁੱਝ ਲੁਕਾਇਆ ਜਾ ਰਿਹਾ ਹੈ। ਇਨ੍ਹਾਂ ਮੈਂਬਰਾਂ ਨੇ ਐੱਸਜੀਪੀਸੀ ਦੇ ਸਾਲਾਨਾ ਬਜਟ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੂੰ 11 ਸਫਿਆਂ ਦਾ ਇਤਰਾਜ਼ ਲਿਖ ਕੇ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ “ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਟਰੱਸਟ ਚੱਲਦੇ ਹਨ, ਉੱਥੇ ਕੇਵਲ ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰਧਾਨ ਇੱਕ ਡੰਮੀ ਦੇ ਤੌਰ ‘ਤੇ ਪ੍ਰਧਾਨ ਹੈ, ਬਾਕੀ ਸਾਰੇ 37 ਟਰੱਸਟਾਂ ‘ਤੇ ਪ੍ਰਕਾਸ ਸਿੰਘ ਬਾਦਲ ਅਤੇ ਉਸਦੇ ਪਰਿਵਾਰ ਦਾ ਕਬਜ਼ਾ ਹੋ ਚੁੱਕਿਆ ਹੈ। ਉਨ੍ਹਾਂ ਟਰੱਸਟਾਂ ਨੂੰ 13-13 ਕਰੋੜ ਰੁਪਏ ਗੁਰਦੁਆਰਿਆਂ ਤੋਂ ਫੰਡ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਤਾਂ ਇਨ੍ਹਾਂ ਟਰੱਸਟਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਲਵੇ। ਜੇਕਰ ਸ਼੍ਰੋਮਣੀ ਕਮੇਟੀ ਇਨ੍ਹਾਂ ਟਰੱਸਟਾਂ ਨੂੰ ਆਪਣੇ ਅਧੀਨ ਨਹੀਂ ਲੈਣਾ ਚਾਹੁੰਦੀ ਤਾਂ ਫਿਰ ਗੁਰੂ ਘਰ ਦਾ ਪੈਸਾ ਇਨ੍ਹਾਂ ਟਰੱਸਟਾਂ ਨੂੰ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ। ਤਰਨਤਾਰਨ ਜ਼ਿਲ੍ਹੇ ਵਿੱਚ ਦੇਗ ਦੀ ਭੇਟਾ ਵੱਧ ਗਈ ਹੈ ਅਤੇ ਗੋਲਕ ਦੀ ਭੇਟਾ ਘੱਟ ਗਈ ਹੈ। ਇਸਦਾ ਮਤਲਬ ਕਿ ਕੀ ਦੇਗ ਲੈਣ ਵਾਲਿਆਂ ਨੇ ਗੋਲਕ ਵਿੱਚ ਮੱਥਾ ਨਹੀਂ ਟੇਕਿਆ ਹੋਵੇਗਾ। ਸੁਲਤਾਨਪੁਰ ਸਾਹਿਬ ਵਿਖੇ ਇੱਕ ਗੁਰੂ ਘਰ ਨੂੰ 87 ਦੇ ਐਕਟ ਅਧੀਨ ਕਰ ਦਿੱਤਾ ਗਿਆ ਹੈ ਅਤੇ ਉੱਥੇ ਦੀ ਸੰਗਤ ਨੂੰ ਸਿਰਫ ਇੱਕ ਮੈਂਬਰ ਦਾ ਉਸ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰਵਾਉਣ ਲਈ ਇਤਰਾਜ਼ ਹੈ।

ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਇਨ੍ਹਾਂ ਚੀਜ਼ਾਂ ‘ਤੇ ਇਤਰਾਜ਼ ਦਰਜ ਕਰਵਾਉਣਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ 11 ਸਫਿਆਂ ਦੀ ਰਿਪੋਰਟ ਤੋਂ ਡਰ ਕੇ ਬਜਟ ਦੌਰਾਨ ਮੀਡੀਆ ‘ਤੇ ਪਾਬੰਦੀ ਲਾ ਦਿੱਤੀ। ਸੱਚੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਮੀਡੀਆ ਨੂੰ ਬਜਟ ਦੌਰਾਨ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ”।

Leave a Reply

Your email address will not be published. Required fields are marked *