India Punjab

ਅੱਜ ਦੇਸ਼ ਭਰ ‘ਚ ਮਨਾਇਆ ਗਿਆ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਹਾੜਾ

‘ਦ ਖ਼ਾਲਸ ਬਿਊਰੋ :- ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ। ਦੇਸ਼ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇੱਕਜੁੱਟਤਾ ਪ੍ਰਗਟਾਉਂਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਜਿਲ੍ਹਾ/ਤਹਿਸੀਲ ਪੱਧਰੀ ਰੋਸ-ਮੁਜ਼ਾਹਰੇ ਕਰਦਿਆਂ ਡਿਪਟੀ-ਕਮਿਸ਼ਨਰਾਂ/ਐਸਡੀਐਮ ਅਤੇ ਤਹਿਸੀਲਦਾਰਾਂ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ ਮੰਗ-ਪੱਤਰ ਭੇਜੇ।

ਅੱਜ ਮੇਵਾਤ ਦੀ ਸੁਨੇਹੜਾ-ਜੁੜੇਹਰਾ ਬਾਰਡਰ ‘ਤੇ ਸ਼ਹੀਦ ਹਸਨ ਖਾਨ ਮੇਵਾਤੀ ਦੇ ਸ਼ਹੀਦੀ ਦਿਹਾੜੇ’ ਤੇ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ।  ਮੇਵਾਤ ਦੇ ਲੋਕ ਸ਼ੁਰੂ ਤੋਂ ਹੀ ਇਸ ਅੰਦੋਲਨ ਵਿੱਚ ਸਮਰਥਨ ਕਰਦੇ ਰਹੇ ਹਨ। ਮੇਵਾਤ ਦਾ ਰਾਜਾ ਹਸਨ ਖ਼ਾਨ 15 ਮਾਰਚ, 1527 ਨੂੰ ਮੇਵਾਤੀ ਬਾਬਰ ਦੀ ਫੌਜ ਨਾਲ ਲੜਦਿਆਂ ਸ਼ਹੀਦ ਹੋ ਗਿਆ ਸੀ। ਇਸ ਲੜਾਈ ਵਿੱਚ ਰਾਜਾ ਦੇ ਨਾਲ ਮੇਵਾਤ ਦੇ ਹਜ਼ਾਰਾਂ ਲੋਕ ਵੀ ਸ਼ਹੀਦ ਹੋਏ ਸਨ। ਇਹ ਵਿਰਾਸਤ ਇਸ ਇਲਾਕੇ ਦਾ ਇਤਿਹਾਸ ਦੁਹਰਾਉਂਦੀ ਹੈ। ਮੇਵਾਤੀ ਔਰਤਾਂ ਵੱਲੋਂ ਮਹਾਂਪੰਚਾਇਤ ਦੌਰਾਨ ਵੱਡੀ ਸ਼ਮੂਲੀਅਤ ਕੀਤੀ ਗਈ।

ਉਤਰਾਖੰਡ ਤੋਂ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਪਲੀਆ ਹੁੰਦੇ ਹੋਏ ਸੰਘਾਈ ਪਹੁੰਚੀ। ਯਾਤਰਾ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਕਰਨਾਟਕ ਦੇ ਕਿਸਾਨ ਬਾਸਵਕਾਲੀਅਨ ਤੋਂ ਬੇਲਾਰੀ ਤੱਕ ਪੈਦਲ ਮਾਰਚ ਕਰ ਰਹੇ ਹਨ।  ਨੁੱਕੜ ਮੀਟਿੰਗਾਂ ਅਤੇ ਪਿੰਡ ਦੀਆਂ ਕਮੇਟੀਆਂ ਰਾਹੀਂ ਅੰਦੋਲਨ ਸਾਰੇ ਸੂਬੇ ਵਿੱਚ ਫੈਲ ਰਿਹਾ ਹੈ।