Punjab

ਰਿਲਾਇੰਸ ਪੈਟਰੋਲ ਪੰਪ ਮਾਲਕਾਂ ਨੇ ਪੰਪ ਕੀਤੇ ਬੰਦ, ਕਿਸਾਨਾਂ ਦੇ ਰੋਸ ‘ਚ ਹੋਏ ਸ਼ਾਮਲ

‘ਦ ਖ਼ਾਲਸ ਬਿਊਰੋ :-  ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੇ ਛੇਵੇਂ ਦਿਨ ਭਾਵੇਂ ਕੇਂਦਰ ਸਰਕਾਰ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋਈ ਹੈ, ਪਰ ਇਸ ਘੋਲ ਨੇ ਰਿਲਾਇੰਸ ਡੀਲਰਾਂ ਦੇ ਪੈਰ ਜ਼ਰੂਰ ਉਖਾੜ ਦਿੱਤੇ ਹਨ। ਪਿੰਡ ਨੂਰਪੁਰਾ ਲਾਗੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਮਾਲਕਾਂ ਨੇ ਛੇ ਦਿਨ ਤੋਂ ਪੰਪ ਤਾਂ ਖ਼ੁਦ ਹੀ ਬੰਦ ਕਰ ਦਿੱਤਾ ਸੀ, ਪਰ ਹੁਣ ਉਹ ਕਿਸਾਨਾਂ ਦੇ ਰੋਸ ਵਿੱਚ ਵੀ ਸ਼ਾਮਲ ਹੋ ਗਏ ਹਨ।

ਰਾਏਕੋਟ ਫਿਲਿੰਗ ਸਟੇਸ਼ਨ ਦੇ ਮਾਲਕ ਰਮਨ ਗੋਇਲ ਨੇ ਤੇਲ ਪਾਉਣ ਵਾਲੀਆਂ ਮਸ਼ੀਨਾਂ ‘ਤੇ ਪਹਿਲੇ ਦਿਨ ਤੋਂ ਹੀ ਤਿਰਪਾਲਾਂ ਪਾ ਕੇ ਢੱਕ ਦਿੱਤੀਆਂ ਸਨ, ਪਰ ਹੁਣ ਉਨ੍ਹਾਂ ਕਾਲੇ ਝੰਡੇ ਵਾਲਾ ਬੈਨਰ ਵੀ ਪੰਪ ਦੇ ਬਾਹਰ ਇਹ ਲਿਖ ਕੇ ਟੰਗ ਦਿੱਤਾ ਹੈ ਕਿ, ‘ਅਸੀਂ ਕਿਸਾਨ ਵਿਰੋਧੀ ਐਕਟ ਦਾ ਵਿਰੋਧ ਕਰਦੇ ਹਾਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਾਂ।’ ਪੈਟਰੋਲ ਪੰਪ ਦੇ ਮਾਲਕ ਰਮਨ ਗੋਇਲ ਨੇ ਦੱਸਿਆ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਤਾਂ ਆਪਣੀ ਕਾਰ ਵਿੱਚ ਵੀ ਕਿਸੇ ਹੋਰ ਪੰਪ ਤੋਂ ਤੇਲ ਪਵਾ ਰਿਹਾ ਹੈ।

ਕੱਲ੍ਹ ਛੇਵੇਂ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਪੰਪ ਸਾਹਮਣੇ ਧਰਨਾ ਜਾਰੀ ਸੀ। ਉੱਧਰ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਰੋਹਨ ਰਾਜਦੀਪ ਦਾ ਟੌਲ ਪਲਾਜ਼ਾ ਕਿਸਾਨਾਂ ਨੇ ਬੰਦ ਕਰ ਰੱਖਿਆ ਸੀ, ਅਤੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਪਰ ਵੀ ਚੌਕੀਮਾਨ ਨੇੜੇ ਟੌਲ ਪਲਾਜ਼ਾ ਖੋਲ੍ਹਣ ਨਹੀਂ ਦਿੱਤਾ ਗਿਆ। ਦਿਨ-ਰਾਤ ਚੱਲ ਰਹੇ ਧਰਨਿਆਂ ਕਾਰਨ ਆਉਣ ਜਾਣ ਵਾਲੀਆਂ ਗੱਡੀਆਂ ਬਿਨਾਂ ਅਦਾਇਗੀ ਕੀਤੇ ਹੀ ਲੰਘ ਰਹੀਆਂ ਹਨ। ਰਿਲਾਇੰਸ ਪੰਪ ਸਾਹਮਣੇ ਕਿਸਾਨ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ, ਕੁੱਲ੍ਹ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਸੰਬੋਧਨ ਕੀਤਾ ਜਦਕਿ ਦੋਵੇਂ ਮੁੱਖ ਟੌਲ ਪਲਾਜ਼ਿਆਂ ਉੱਪਰ ਧਰਨਾਕਾਰੀ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਤੋਂ ਇਲਾਵਾ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਪੰਚਾਇਤੀ ਨੁਮਾਇੰਦਿਆਂ ਨੇ ਵੀ ਸੰਬੋਧਨ ਕੀਤਾ। ਧਰਨਾਕਾਰੀ ਕਿਸਾਨਾਂ ਲਈ ਚਾਹ-ਪਾਣੀ ਅਤੇ ਖਾਣ-ਪੀਣ ਦੇ ਲੰਗਰ ਵੀ ਲਗਾਤਾਰ ਚੱਲ ਰਹੇ ਹਨ।