‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਾਸੇ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਦੇ ਬਾਰਡਰਾਂ ‘ਤੇ ਕਈ ਦਿਨਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਮੌਸਮ ਦੀ ਮਾਰ ਵੀ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਹੋ ਰਹੀ ਹੈ ਅਤੇ ਇਸਦੀ ਵਾਢੀ ‘ਤੇ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਵੇਂ ਕਿ ਕਿਸਾਨਾਂ ਨੂੰ ਵਾਢੀ ਲਈ ਮਜ਼ਦੂਰਾਂ ਨੂੰ ਜ਼ਿਆਦਾ ਮਜ਼ਦੂਰੀ ਦੇਣੀ ਪਵੇਗੀ। ਪੰਜਾਬ ਵਿੱਚ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਨੂੰ ਵਧਾ ਦਿੱਤਾ ਹੈ।

ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਪੱਕ ਰਹੀ ਕਣਕ ਨੂੰ ਜ਼ਮੀਨ ‘ਤੇ ਵਿਛਾ ਦਿੱਤਾ ਹੈ। ਵਾਢੀ ਤੋਂ ਪਹਿਲਾਂ ਪੰਜਾਬ ਦੇ ਕਰੀਬ ਅੱਠ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਮਗਰੋਂ ਕਿਸਾਨਾਂ ਦੀ ਫਿਕਰ ਵੱਧ ਗਈ ਹੈ। ਪੱਛਮੀ ਪੌਣਾਂ ਦੀ ਗੜਬੜੀ ਕਾਰਨ ਪੰਜਾਬ ਦੇ ਮਾਝੇ ਅਤੇ ਮਾਲਵੇ ਖ਼ਿੱਤੇ ’ਚ ਅੱਜ ਬੇਮੌਸੀ ਮੀਂਹ ਪਿਆ। ਕਈ ਥਾਂਵਾਂ ’ਤੇ ਤੇਜ਼ ਹਵਾਵਾਂ ਵੀ ਚੱਲੀਆਂ, ਜਿਸ ਨਾਲ ਕਣਕ ਤੋਂ ਇਲਾਵਾ ਸਰ੍ਹੋਂ ਦੀ ਫਸਲ ਨੂੰ ਵੀ ਨੁਕਾਸ ਹੋਇਆ।

ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿੱਚ ਔਸਤਨ 10 ਐੱਮ.ਐੱਮ. ਮੀਂਹ ਪਿਆ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਫਰੀਦਕੋਟ ਅਤੇ ਮਾਨਸਾ ’ਚ ਹਲਕੇ ਤੋਂ ਦਰਮਿਆਨੇ ਪੱਧਰ ‘ਤੇ ਮੀਂਹ ਪਿਆ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਛਿੱਟੇ ਪੈਣ ਦੀਆਂ ਖ਼ਬਰਾਂ ਹਨ।

ਤਰਨ ਤਾਰਨ ਜ਼ਿਲ੍ਹੇ ਵਿੱਚ ਤਾਂ ਹਲਕੀ ਗੜ੍ਹੇਮਾਰੀ ਵੀ ਹੋਈ ਹੈ।  ਇਸ ਜ਼ਿਲ੍ਹੇ ਦੇ ਪਿੰਡ ਪੰਡੋਰੀ ਰਣ ਸਿੰਘ, ਪੰਡੋਰੀ ਸਿੱਧਵਾਂ, ਲਾਲੂ ਘੁੰਮਣ ਆਦਿ ’ਚ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ। ਕਪੂਰਥਲਾ ਦੇ ਭੁਲੱਥ ਇਲਾਕੇ ’ਚ ਹਲਕੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਣਕ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਾਇਆ। ਮਾਨਸਾ ਦੇ ਪਿੰਡ ਕੋਟਧਰਮੂ, ਬਠਿੰਡਾ ਦੇ ਕੁੱਝ ਪਿੰਡਾਂ ਅਤੇ ਬਲਾਚੌਰ ਇਲਾਕੇ ਦੇ ਕੁੱਝ ਪਿੰਡਾਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਫਸਲਾਂ ਡਿੱਗ ਪਈਆਂ ਹਨ। ਮੀਂਹ ਕਾਰਨ ਤਾਪਮਾਨ ਵੀ ਘੱਟ ਗਿਆ ਹੈ।

ਨਾਭਾ ਵਿਖੇ ਬੀਤੀ ਰਾਤ ਤੋਂ ਪੈ ਰਹੇ ਮੀਂਹ ਅਤੇ ਹਨੇਰੀ ਨੇ ਕਣਕ ਦੀ ਫ਼ਸਲ ਨੂੰ ਧਰਤੀ ਉੱਤੇ ਵਿਛਾ ਦਿੱਤਾ ਹੈ ਅਤੇ ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਕਿਵੇਂ ਵੱਢਣਗੇ ਕਿਉਂਕਿ ਜੋ ਕਣਕ ਧਰਤੀ ਉੱਤੇ ਡਿੱਗ ਪਈ ਹੈ, ਉਹ ਬਿਲਕੁਲ ਖ਼ਰਾਬ ਹੀ ਹੋ ਜਾਵੇਗੀ। ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਦੀ ਫਸਲ ਵਿੱਚੋਂ ਬਹੁਤ ਵਧੀਆ ਝਾੜ ਨਿਕਲੇਗਾ, ਪਰ ਮੌਸਮ ਵਿਭਾਗ ਵੱਲੋਂ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਮੀਂਹ ਦੀ ਭਵਿੱਖਬਾਣੀ ਨੇ ਉਨ੍ਹਾਂ ਦੀਆਂ ਸੱਧਰਾਂ ਉੱਤੇ ਪਾਣੀ ਫੇਰ ਦਿੱਤਾ। ਨਾਭਾ ਵਿਖੇ ਤੇਜ਼ ਹਨ੍ਹੇਰੀ ਅਤੇ ਬਰਸਾਤ ਦੇ ਕਾਰਨ ਕਿਸਾਨ ਫਿਕਰਮੰਦ ਹਨ। ਹੁਣ ਉਨ੍ਹਾਂ ਦੀ ਫਸਲ ਪੱਕਣ ਦੇ ਕਿਨਾਰੇ ਸੀ ਅਤੇ ਅਖੀਰਲੇ ਸਮੇਂ ਵਿੱਚ ਮੀਂਹ ਅਤੇ ਹਨ੍ਹੇਰੀ ਦੇ ਨਾਲ ਫਸਲ ਬਿਲਕੁਲ ਬਰਬਾਦ ਹੋਣ ਦੇ ਕਿਨਾਰੇ ਆ ਗਈ ਹੈ।

ਬਠਿੰਡਾ ਦੇ ਪਿੰਡ ਬੱਲੂਆਣਾ ਵਿੱਚ ਵੀ ਪਿਛਲੇ ਦਿਨੀਂ ਪਏ ਮੀਂਹ ਕਾਰਨ ਕਿਸਾਨਾਂ ਦੀ ਫਸਲ ਜ਼ਮੀਨ ‘ਤੇ ਵਿਛ ਗਈ ਸੀ।  ਇਸ਼ ਪਿੰਡ ਵਿੱਚ ਕਾਫ਼ੀ ਵੱਡਾ ਰਕਬਾ ਕਣਕ ਦਾ ਮੀਂਹ ਨਾਲ ਪ੍ਰਭਾਵਿਤ ਹੋਇਆ ਹੈ। ਹਾਲਾਂਕਿ, ਬਠਿੰਡਾ ਇਲਾਕੇ ਵਿੱਚ ਇੰਨਾ ਜ਼ਿਆਦਾ ਮੀਂਹ ਨਹੀਂ ਪਿਆ ਸੀ ਪਰ ਫਿਰ ਵੀ ਪੱਕੀ ਹੋਈ ਫਸਲ ਖ਼ਰਾਬ ਹੋ ਗਈ ਹੈ। ਪੰਜਾਬ ਦੇ ਖੇਤੀ ਵਿਭਾਗ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਮਾਮੂਲੀ ਮੀਂਹ ਪਿਆ ਹੈ ਅਤੇ ਤੇਜ਼ ਹਵਾਵਾਂ ਕਰਕੇ ਪਾਣੀ ਲੱਗੀਆਂ ਫਸਲਾਂ ਜ਼ਰੂਰ ਵਿਛ ਗਈਆਂ ਹਨ ਪਰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਸਿੱਧੂ ਨੇ ਕਿਹਾ ਕਿ ਤਾਪਮਾਨ ਘਟਣ ਕਰਕੇ ਕਣਕ ਦੀ ਫਸਲ ਨੂੰ ਫਾਇਦਾ ਵੀ ਹੋਇਆ ਹੈ।

Leave a Reply

Your email address will not be published. Required fields are marked *