Punjab

ਪਾਵਨ ਸਰੂਪਾਂ ਦੀ ਗਿਣਤੀ ‘ਚ ਹੋਈ ਹੇਰ-ਫੇਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਵੱਲੋਂ ਲੌਂਗੋਵਾਲ ਨੂੰ ਪੱਤਰ ਜਾਰੀ

‘ਦ ਖ਼ਾਲਸ ਬਿਊਰੋ :- ਲਾਪਤਾ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ SGPC ਵੱਲੋਂ ਪੂਰੀ ਹੋ ਚੁੱਕੀ ਹੈ ਅਤੇ ਦੋਸ਼ੀਆਂ ( ਮੁਲਾਜ਼ਮ ) ਨੂੰ ਅਹੁਦੇ ਤੋਂ ਬਰਖ਼ਾਸਤ ਵੀ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਜਿਸ ‘ਤੇ ਹੁਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ 18-19 ਮਈ 2016 ਨੂੰ ਅਗਨ ਭੇਟ ਹੋਏ ਸਰੂਪਾਂ ਦੀ ਗਿਣਤੀ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ’ਤੇ ਸਵਾਲ ਉੱਠ ਰਹੇ ਹਨ।

ਸੰਗਠਨ ਦੇ ਆਗੂ ਸਰਬਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਪੱਤਰ ਭੇਜ ਕੇ ਦਾਅਵਾ ਕੀਤਾ ਹੈ ਕਿ 18-19 ਮਈ 2016 ਨੂੰ ਅੱਗ ਤੇ ਪਾਣੀ ਨਾਲ ਲਗਪਗ 80 ਸਰੂਪ ਨੁਕਸਾਨੇ ਗਏ ਸਨ। ਜਿਸ ਦਾ ਜ਼ਿਕਰ ਪਬਲੀਕੇਸ਼ਨ ਵਿਭਾਗ ਦੇ ਸੇਵਾ ਮੁਕਤ ਹੋਏ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ 20 ਫਰਵਰੀ 2020 ਨੂੰ ਮੁੱਖ ਸਕੱਤਰ ਨੂੰ ਭੇਜੇ ਗਏ ‘ਆਫਿਸ ਨੋਟ’ ਵਿੱਚ ਕੀਤਾ ਹੈ। ਕੰਵਲਜੀਤ ਸਿੰਘ ਨੇ ਇਸ ਨੋਟ ਵਿੱਚ ਲਿਖਿਆ ਹੈ ਕਿ ਅਚਾਨਕ ਅੱਗ ਲੱਗਣ ਤੇ ਪਾਣੀ ਨਾਲ 80 ਸਰੂਪ, ਜੋ ਦਰਮਿਆਨੇ ਸਾਇਜ਼ ਦੇ ਸਨ, ਨੁਕਸਾਨੇ ਗਏ ਸਨ।

ਪਾਵਨ ਸਰੂਪ ਪ੍ਰਕਾਸ਼ ਯੋਗ ਨਾ ਰਹਿਣ ਕਾਰਨ ਸਸਕਾਰ ਲਈ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਸਨ।  ਸਰੂਪ ਤੇ ਸਾਮਾਨ ਬਾਰੇ ਸਟਾਕ ਤੇ ਲੈਜਰਾਂ ਵਿੱਚ ਜ਼ਿਕਰ ਕਰਨ ਲਈ ਕਾਰਵਾਈ ਵਾਸਤੇ ਰਿਪੋਰਟ ਭੇਜੀ ਗਈ ਹੈ। ਇਸ ਦਫ਼ਤਰੀ ਨੋਟ ਦੇ ਹੇਠਾਂ ਮੁੱਖ ਸਕੱਤਰ ਰੂਪ ਸਿੰਘ ਵੱਲੋਂ ਦਸਤਖ਼ਤ ਕਰਕੇ ਇਹ ਮਾਮਲਾ ਮੀਤ ਸਕੱਤਰ ਕੋਲ ਭੇਜਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਇਸ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜ ਸਰੂਪ ਅਗਨ ਭੇਟ ਹੋਏ ਹਨ, ਅਤੇ 9 ਸਰੂਪ ਪਾਣੀ ਨਾਲ ਨੁਕਸਾਨੇ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਮਹਿਤਾ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਇਖਲਾਕੀ ਤੌਰ ’ਤੇ ਅਸਤੀਫਾ ਦੇ ਦਿੱਤਾ ਸੀ, ਨੇ ਆਖਿਆ ਕਿ ਦਫਤਰੀ ਨੋਟ ਉਨ੍ਹਾਂ ਦਾ ਨਹੀਂ ਸਗੋਂ ਕੰਵਲਜੀਤ ਸਿੰਘ ਦਾ ਹੈ, ਜਿਸ ਨੂੰ ਉਨ੍ਹਾਂ ਨੇ ਕਾਰਵਾਈ ਲਈ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਹੋਈ, ਇਹ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਹੋਵੇਗਾ। ਇਸ ਬਾਰੇ ਫਲਾਇੰਗ ਵਿਭਾਗ ਵੱਲੋਂ ਵੀ ਜਾਂਚ ਕੀਤੀ ਗਈ ਸੀ।

ਕੋਈ ਝੂਠ ਨਹੀ ਬੋਲਿਆ

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਆਪਣੇ ਬਿਆਨ ‘ਚ ਕਿਹਾ ਕਿ ਉਨ੍ਹਾਂ ਇਸ ਸਬੰਧ ਵਿੱਚ ਕੋਈ ਝੂਠ ਨਹੀਂ ਬੋਲਿਆ ਹੈ, ਅਤੇ ਜਾਂਚ ਰਿਪੋਰਟ ਵਿੱਚ ਦਿੱਤੇ ਵੇਰਵਿਆਂ ‘ਚ ਦਰਜ ਹੈ ਕਿ ਅੱਗ ਲਗਣ ਨਾਲ ਨੁਕਸਾਨੇ ਸਰੂਪਾਂ ਦੀ ਗਿਣਤੀ ਸਿਰਫ਼ 14 ਹੀ ਹੈ। ਉਨਾਂ ਦੋਸ਼ ਲਾਇਆ ਕਿ ਸੇਵਾਮੁਕਤ ਕਰਮਚਾਰੀ ਵਲੋਂ ਇਸ ਨੋਟ ਰਾਹੀਂ ਆਪਣੀ ਗ਼ਲਤੀ ਲੁਕਾਉਣ ਦਾ ਯਤਨ ਕੀਤਾ ਗਿਆ ਸੀ।