Punjab

ਕੈਪਟਨ ਦੇ ਕਰੋਨਾ ਐਲਾਨਾਂ ਨੇ ਪੰਜਾਬੀਆਂ ਨੂੰ ਪਾਇਆ ਸੁੱਕਣੇ, ਨਵਾਂ ਐਲਾਨ, ਲੋਕ ਪਰੇਸ਼ਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਨਿਯਮਾਂ ਦੀਆਂ ਪਾਬੰਦੀਆਂ ਦੀ ਮਿਆਦ 10 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਕੈਪਟਨ ਨੇ ਇਨ੍ਹਾਂ ਪਾਬੰਦੀਆਂ ਨੂੰ 31 ਮਾਰਚ ਤੱਕ ਲਗਾਉਣ ਦਾ ਐਲਾਨ ਕੀਤਾ ਸੀ। ਕੈਪਟਨ ਨੇ ਇਹ ਫੈਸਲਾ ਕਰੋਨਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ।

ਹੁਣ ਤੱਕ ਕੈਪਟਨ ਸਰਕਾਰ ਵੱਲੋਂ ਕਰੋਨਾ ਨਿਯਮਾਂ ਨੂੰ ਲੈ ਕੇ ਜਾਰੀ ਕੀਤੇ ਗਏ ਨਿਰਦੇਸ਼
• ਸਰਕਾਰ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਰਫ਼ਤਾਰ ਤੇਜ਼ ਅਤੇ ਵਿਆਪਕ ਕਰਨ ਦਾ ਹੁਕਮ ਦਿੱਤਾ ਹੈ।
• ਸਿਵਲ ਸਰਜਨਾਂ ਅਤੇ ਡੀਸੀਜ਼ ਨੂੰ ਅਜਿਹੀਆਂ ਥਾਂਵਾਂ ਦੀ ਪਛਾਣ ਕਰਨ ਲਈ ਕਿਹਾ ਹੈ, ਜਿੱਥੇ ਮੋਬਾਈਲ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਣ।
• ਨਾਭਾ ਓਪਨ ਜੇਲ੍ਹ ਵਿੱਚ 40 ਔਰਤਾਂ ਦੇ ਕੋਵਿਡ ਪਾਜ਼ੀਟਿਵ ਪਾਏ ਜਾਣ ਨੂੰ ਦੇਖਦਿਆਂ ਕੈਪਟਨ ਨੇ ਕੈਦੀਆਂ ਲਈ ਵੀ ਜੇਲ੍ਹਾਂ ਵਿੱਚ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ।
• ਕੈਪਟਨ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਅਤੇ ਭੀੜ-ਭਾੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ।
• ਕੈਪਟਨ ਨੇ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਹੋਰ ਵਰਗਾਂ ਜਿਵੇਂ ਕਿ ਜੱਜਾਂ, ਅਧਿਆਪਕਾਂ ਆਦਿ, ਜਿਨ੍ਹਾਂ ਨੂੰ ਟੀਕਾਕਰਨ ਲਈ ਕਵਰ ਕਰਨ ਦੀ ਬੇਨਤੀ ਕੀਤੀ ਸੀ, ਨੂੰ 45 ਵਰ੍ਹਿਆਂ ਦੀ ਉਮਰ ਹੱਦ ਪਾਰ ਕਰਨ ਕਰਕੇ ਟੀਕਾਕਰਨ ਦੀ ਸਹੂਲਤ ਦੇਣ ਲਈ ਕਿਹਾ।
• ਕੈਪਟਨ ਨੇ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਮੌਜੂਦ ਵਸੀਲੇ ਇਕੱਠੇ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਇਸ ਮਹਾਂਮਾਰੀ ਦੀ ਰੋਕਥਾਮ ਕਰਨ ਲਈ ਟੀਕਾਕਰਨ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।
• ਉਨ੍ਹਾਂ ਨੇ ਪੁਲਿਸ ਲਾਈਨਾਂ ਵਿੱਚ ਇੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਲਈ ਵੀ ਬੇਨਤੀ ਕੀਤੀ।
• ਕੈਪਟਨ ਨੇ ਸਾਰੇ ਜ਼ਿਲ੍ਹਿਆਂ ਨੂੰ ਨਮੂਨੇ ਲੈਣ ਦੀ ਗਤੀ ਤੇਜ਼ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਨਮੂਨੇ ਲੈਣ ਅਤੇ ਆਰ.ਏ.ਟੀ. ਨੂੰ 30 ਫੀਸਦੀ ਤੱਕ ਵਧਾਉਣ ਸਬੰਧੀ ਹਦਾਇਤ ਜਾਰੀ ਕੀਤੀ।
• ਕੈਪਟਨ ਨੇ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਖਤ ਨਿਗਰਾਨੀ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ।
• ਕੈਪਟਨ ਨੇ ਸਾਰੇ ਜ਼ਿਲ੍ਹਿਆਂ ਨੂੰ ਆਪਣੀਆਂ ਟੀਮਾਂ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ ਹੈ, ਤਾਂ ਜੋ ਕੋਵਿਡ ਨਮੂਨੇ ਲੈਣ ਸਬੰਧੀ ਡਾਟਾ ਐਂਟਰੀ ਅਤੇ ਨਿਰਧਾਰਤ ਲੈਬਾਂ ਵਿੱਚ ਨਮੂਨੇ ਲੈ ਜਾਣ ਵਿੱਚ ਘੱਟ ਸਮਾਂ ਲੱਗੇ ਅਤੇ ਟੈਸਟ ਦਾ ਨਤੀਜਾ 24 ਘੰਟਿਆਂ ਦੇ ਅੰਦਰ ਉਪਲੱਬਧ ਕਰਵਾਇਆ ਜਾਵੇ।
• ਟੀਕਾਕਰਨ ਸਬੰਧੀ ਕੈਪਟਨ ਨੇ ਲਾਭਪਾਤਰੀਆਂ ਨੂੰ ਟੀਕਾਕਰਨ ਸਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰ ਸ਼ਨਾਖਤੀ ਕਾਰਡ ਕਾਫੀ ਹੋਣ ਦੀ ਹਦਾਇਤ ਕੀਤੀ।
• ਸਾਰੇ ਜ਼ਿਲ੍ਹਿਆਂ ਨੂੰ ਸਬ-ਸੈਂਟਰ ਪੱਧਰ ਤੱਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਡਿਸਪੈਂਸਰੀਆਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਸੰਸਥਾਵਾਂ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਿਲ ਕਰਕੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਹੁਕਮ ਦਿੱਤੇ।
• 45 ਸਾਲ ਤੋਂ ਵੱਧ ਉਮਰ ਵਰਗ ਲਈ 1 ਅਪ੍ਰੈਲ, 2021 ਤੋਂ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।