‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖ਼ਾਲਸੇ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ ਸਮੂਹ ਸਿੱਖ ਕੌਮ ਵੱਲੋਂ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਖਾਲਸੇ ਦੇ ਪ੍ਰਗਟ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਲਾਨਾ ਜੋੜ ਮੇਲਾ ਹੋਲਾ-ਮਹੱਲਾ ਨੂੰ ਸਮਰਪਿਤ ਪ੍ਰੋਗਰਾਮ ਅੱਜ ਤੋਂ 29 ਮਾਰਚ ਤੱਕ ਕਰਵਾਏ ਜਾ ਰਹੇ ਹਨ। ਹੋਲਾ-ਮਹੱਲਾ ਸਬੰਧੀ ਸ਼੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਆਰੰਭ ਹੋਏ ਗੁਰਮਤਿ ਸਮਾਗਮ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ 29 ਮਾਰਚ ਨੂੰ ਸਵੇਰੇ 11 ਵਜੇ ਸੰਪੂਰਨ ਹੋਣਗੇ।

  • 27 ਅਤੇ 28 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ, ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਗੱਤਕਾ ਮੁਕਾਬਲੇ ਹੋਣਗੇ।
  • 27 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਰਾਤ 8 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਬਸੰਤ ਕੀਰਤਨ ਸਮਾਗਮ ਹੋਣਗੇ।
  • 28 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਰਾਤ 9:30 ਵਜੇ ਤੋਂ 12 ਵਜੇ ਤੱਕ ਕਵੀ ਸਮਾਗਮ ਹੋਵੇਗਾ। 27 ਅਤੇ 28 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕੀਰਤਨ ਸਮਾਗਮ ਹੋਵੇਗਾ।
  • 29 ਮਾਰਚ ਨੂੰ ਦੁਪਹਿਰ 12:15 ਵਜੇ ਤੋਂ ਸ਼ਾਮ 5:30 ਵਜੇ ਤੱਕ ਅਤੇ ਰਾਤ 10 ਵਜੇ ਤੋਂ 1 ਵਜੇ ਤੱਕ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਢਾਡੀ ਸਮਾਗਮ ਹੋਵੇਗਾ। 27 ਮਾਰਚ ਤੋਂ 29 ਮਾਰਚ ਤੱਕ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। 29 ਮਾਰਚ ਨੂੰ ਦੁਪਹਿਰ 12 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਸਜਾਇਆ ਜਾਵੇਗਾ।

ਲੰਗਰਾਂ ਦੀ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਖ਼ਾਸ ਅਪੀਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਲੰਗਰਾਂ ਦੀ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਅਪੀਲ ਕਰਦਿਆਂ ਕਿਹਾ ਹੈ ਕਿ ਲੰਗਰ ਵਰਤਾਉਣ ਲਈ ਪਲਾਸਟਿਕ ਅਤੇ ਥਰਮਾਕੋਲ ਦੀਆਂ ਪਲੇਟਾਂ-ਗਿਲਾਸ ਨਾ ਵਰਤੇ ਜਾਣ। ਲੰਗਰਾਂ ਲਈ ਭਾਂਡਿਆਂ ਤੋਂ ਇਲਾਵਾ ਪੱਤਲਾਂ ਦੀ ਵਰਤੋਂ ਕੀਤੀ ਜਾਵੇ। ਕੁਦਰਤੀ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਸਾਂਝਾ ਫਰਜ਼ ਹੈ।

Leave a Reply

Your email address will not be published. Required fields are marked *