Punjab

ਪਾਵਰਕੌਮ ਨਵੰਬਰ ਤੋਂ ਕਰ ਸਕਦੀ ਹੈ 700 ਪੈਸਕੋ ਮੁਲਾਜ਼ਮਾਂ ਦੀ ਛਾਂਟੀ

‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (PSPCL) ਨੇ 8 ਅਕਤੂਬਰ ਨੂੰ ਕਰੀਬ 700 ਪੈਸਕੋ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦਾ ਨੋਟਿਸ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਪਾਵਰਕੌਮ ਨੇ ਪਹਿਲੀ ਨਵੰਬਰ, 2020 ਤੱਕ 15 ਤੋਂ 25 ਫ਼ੀਸਦ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਫ਼ੈਸਲਾ ਲਿਆ ਸੀ। ਅਜਿਹੇ ਹੁਕਮਾਂ ਤਹਿਤ ਪਹਿਲੇ ਗੇੜ ’ਚ 60 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਘਰ ਤੋਰਿਆ ਜਾਵੇਗਾ।

ਪਾਵਰਕੌਮ ਦੇ ਸਾਰੇ ਡਾਇਰੈਕਟਰਾਂ ਵੱਲੋਂ ਕੱਲ੍ਹ ਪੈਸਕੋ ਆਧਾਰਿਤ ਸਾਲਾਂ ਤੋਂ ਤਾਇਨਾਤ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਅਜਿਹੀ ਕੜੀ ਵਜੋਂ ਕੁੱਝ ਵਿਭਾਗਾਂ ਵੱਲੋਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਦੇ ਨੋਟਿਸ ਮੁਲਾਜ਼ਮਾਂ ਵੱਲ ਅੱਪੜਦੇ ਵੀ ਕਰ ਦਿੱਤੇ ਹਨ। ਮੁਲਾਜ਼ਮਾਂ ਦੀ ਛਾਂਟੀ ਦਾ ਫ਼ੈਸਲਾ ਪਿਛਲੇ ਮਹੀਨੇ 22 ਤਰੀਕ ਨੂੰ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ’ਚ ਲਿਆ ਗਿਆ ਸੀ, ਅਤੇ ਇਸ ਫ਼ੈਸਲੇ ਦੀ ਲੋਅ ’ਚ ਪਾਵਰਕੌਮ ਦੇ ਸੀ.ਐੱਮ.ਡੀ. ਏ. ਵੇਣੂ ਪ੍ਰਸਾਦ ਵੱਲੋਂ ਪਿਛਲੇ ਮਹੀਨੇ ਸਮੂਹ ਡਾਇਰੈਕਟਰਾਂ ਨੂੰ ਛਾਂਟੀ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ।

ਮੁਲਾਜ਼ਮਾਂ ਦੀ ਛਾਂਟੀ ਪਹਿਲੀ ਨਵੰਬਰ ਤੱਕ ਹੋਣੀ ਤੈਅ ਕੀਤੀ ਗਈ ਸੀ। ਅਜਿਹੇ ਸੀ.ਐੱਮ.ਡੀ. ਵੱਲੋਂ ਕੱਲ੍ਹ ਰੀਵਿਊ ਬੈਠਕ ਕਰਕੇ ਬਕਾਇਦਾ ਫੀਡਬੈਕ ਹਾਸਲ ਕੀਤੀ ਗਈ ਸੀ। ਇਸ ਫ਼ੈਸਲੇ ਤਹਿਤ ਅਦਾਰੇ ’ਚ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਜ਼ਰੀਏ ਤਾਇਨਾਤ ਮੁਲਾਜ਼ਮਾਂ ਦੀ 15 ਤੋਂ 25 ਫ਼ੀਸਦ ਤੱਕ ਛਾਂਟੀ ਨੂੰ ਅਮਲੀ ਰੂਪ ਦਿੱਤੇ ਜਾਣ ਦੀਆਂ ਹਦਾਇਤਾਂ ਸਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਪਾਵਰਕੌਮ ਵੱਲੋਂ 25 ਫ਼ੀਸਦ ਤੱਕ ਮੁਲਾਜ਼ਮਾਂ ਨੂੰ ਛਾਂਟੀ ਦੇ ਘੇਰੇ ’ਚ ਲੈਂਦਿਆਂ ਕੱਲ੍ਹ ਤੋਂ ਛਾਂਟੀ ਕਰਨ ਦੇ ਨੋਟਿਸ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਪਾਵਰਕੌਮ ’ਚ 2,951 ਪੈਸਕੋ ਮੁਲਾਜ਼ਮ ਵੱਖ-ਵੱਖ ਖੇਤਰਾਂ ’ਚ ਕੰਮ ਕਰ ਰਹੇ ਹਨ। ਇਹ ਮੁਲਾਜ਼ਮ ਟੈਕਨੀਕਲ, ਫੀਲਡ ਤੇ ਦਫਤਰੀ ਕੰਮ ਦੇਖ ਰਹੇ ਹਨ। ਇਸ ਤੋਂ ਇਲਾਵਾ ਸਕਿਉਰਿਟੀ ਗਾਰਡ ਵਜੋਂ ਵੀ ਤਾਇਨਾਤ ਹਨ। ਪਾਵਰਕੌਮ ਨੇ ਛਾਂਟੀ ਦਾ ਇਹ ਫ਼ੈਸਲਾ ਅਦਾਰੇ ਨੂੰ ਵਿੱਤੀ ਪੱਖੋਂ ਸੁਰਖੁਰੂ ਕਰਨ ਕਰਕੇ ਲਿਆ ਹੈ। ਪਾਵਰਕੌਮ ਦੇ ਚੇਅਰਮੈਨ ਨੇ 12 ਨਵੰਬਰ ਤੱਕ ਰਿਲੀਵ ਕੀਤੇ ਮੁਲਾਜ਼ਮਾਂ ਦੀ ਰਿਪੋਰਟ ਮੰਗੀ ਹੈ। ਸੀ.ਐਮ.ਡੀ. ਏ.ਵੇਣੂ ਪ੍ਰਸ਼ਾਦ ਨੇ ਦੱਸਿਆ ਕਿ 60 ਸਾਲ ਤੋਂ ਵੱਧ ਊਮਰ ਵਾਲੇ ਅਤੇ ਵਿਹਲੇ ਬੈਠੇ ਮੁਲਾਜ਼ਮਾਂ ਦੀ ਹੀ ਤੋਂ ਛਾਂਟੀ ਹੋਵੇਗੀ। ਉਨ੍ਹਾਂ ਆਖਿਆ ਕਿ ਅਦਾਰਾ ਕਰੀਬ 13 ਸੌ ਕਰੋੜ ਰੁਪਏ ਦੇ ਘਾਟੇ ਦਾ ਸ਼ਿਕਾਰ ਹੈ।

ਸਰਕਾਰੀ ਵਾਅਦਿਆਂ ਦੇ ਬਾਵਜੂਦ ਛਾਂਟੀ

ਪਾਵਰਕੌਮ ਦੇ ਤਾਪ ਬਿਜਲੀ ਘਰਾਂ ’ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਛਾਂਟੀ ਹੋਣ ਨਾਲ ਇਨ੍ਹਾਂ ਥਰਮਲਾਂ ਦੀ ਸੁਰੱਖਿਆ ’ਤੇ ਵੱਡਾ ਸੁਆਲ ਲੱਗ ਜਾਣਾ ਹੈ। ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ 1 ਜਨਵਰੀ 2018 ਨੂੰ ਬੰਦ ਕਰ ਦਿੱਤਾ ਸੀ। ਉਸ ਸਮੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ’ਚੋਂ ਕਿਸੇ ਵੀ ਵਰਕਰ ਦੀ ਛਾਂਟੀ ਨਹੀਂ ਹੋਵੇਗੀ। ਬਠਿੰਡਾ ਥਰਮਲ ਵਿੱਚ ਜੋ ਪੈਸਕੋ ਵਰਕਰ ਸਨ, ਉਨ੍ਹਾਂ ਨੂੰ ਦੂਸਰੀਆਂ ਥਾਵਾਂ ’ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਹੁਣ ਇਨ੍ਹਾਂ ਮੁਲਾਜ਼ਮਾਂ ’ਚੋਂ ਵੀ 15 ਤੋਂ 25 ਫ਼ੀਸਦੀ ਦੀ ਛੁੱਟੀ ਕਰ ਦਿੱਤੀ ਜਾਵੇਗੀ। ਪਾਵਰਕੌਮ ਦੇ ਵੰਡ ਸਰਕਲਾਂ ਵਿਚ ਕਰੀਬ 422 ਕੰਪਿਊਟਰ ਅਪਰੇਟਰ ਤਾਇਨਾਤ ਹਨ, ਜਿਨ੍ਹਾਂ ’ਚੋਂ 25 ਫ਼ੀਸਦ ਤੱਕ ਦੀ ਛਾਂਟੀ ਦੇ ਨੋਟਿਸ ਤਿਆਰ ਕਰ ਲਏ ਗਏ ਹਨ। ਇਨ੍ਹਾਂ ਕੰਪਿਊਟਰ ਅਪਰੇਟਰਾਂ ਨੂੰ 8,500 ਰੁਪਏ ਤੋਂ ਲੈ ਕੇ 12 ਹਜ਼ਾਰ ਰੁਪਏ ਪ੍ਰਤੀ ਤਨਖ਼ਾਹ ਮਿਲ ਰਹੀ ਸੀ।