Punjab

ਸਿਆਸੀ ਲੜਾਈ ਸਿਆਸੀ ਧਿਰ ਤੋਂ ਬਗੈਰ ਨਹੀਂ ਲੜੀ ਜਾਂਦੀ : ਦੀਪ ਸਿੱਧੂ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਖ਼ੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਨਾਲ ਅਗਵਾਈ ਕਰ ਰਹੇ ਅਦਾਕਾਰ ਤੇ ਵਕੀਲ ਦੀਪ ਸਿੱਧੂ ਨੇ ‘ਸ਼ੰਭੂ ਮੋਰਚਾ ਪੰਚਾਇਤ’ ਮੈਂਬਰਾਂ ਨਾਲ ਮਿਲ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਪਣੀ ਅਗਲੀ ਰਣਨੀਤੀ ਲਈ ਪ੍ਰੈੱਸ ਕਾਨਫਰੰਸ ਕੀਤੀ।

ਇਸ ਪ੍ਰੈੱਸ ਕਾਨਫਰੰਸ ਦੌਰਾਨ ਦੀਪ ਸਿੱਧੂ ਦੀਆਂ ਖ਼ਾਸ ਗੱਲਾਂ

  • ਦੀਪ ਸਿੱਧੂ ਨੇ ਕਿਹਾ ਕਿ ਇਹ ਇੱਕ ਸਿਆਸੀ ਲੜਾਈ ਹੈ ਅਤੇ ਸਿਆਸੀ ਧਿਰ ਤੋਂ ਬਗੈਰ ਨਹੀਂ ਲੜੀ ਜਾ ਸਕਦੀ। ਸਿਆਸੀ ਧਿਰ ਉਦੋਂ ਤੱਕ ਕਾਮਯਾਬ ਨਹੀਂ ਹੁੰਦੀ ਜਦੋਂ ਤੱਕ ਸਾਡੇ ਕੋਲ ਸਮਾਜਿਕ ਇਨਕਲਾਬ ਨਹੀਂ ਹੋਵੇਗਾ।
  • 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਅਜੇ ਮੁੱਖ ਧਾਰਾ ਦੀ ਸਿਆਸੀ ਧਿਰ ਨਹੀਂ ,ਇਸ ਲਈ ਚੋਣ ਕਿਵੇਂ ਲੜ ਸਕਦੇ ਹਨ, ਪਰ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਤਰੀ ਪਾਰਟੀ ਲਈ ਸਪੇਸ ਹੈ ,ਕਿਉਂ ਕਿ ਦਿੱਲੀ ਤੋਂ ਕੰਟਰੋਲ ਹੋ ਰਹੀਆਂ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਕੇਂਦਰ ਨਾਲ ਟੱਕਰ ਨਹੀਂ ਲੈ ਸਕਦੀਆਂ।
  • ਸ਼ੰਭੂ ਮੋਰਚਾ ਕਿਸ ਰਾਹ ਵੱਲ ਜਾ ਰਿਹਾ ਹੈ, ਇਸ ਬਾਰੇ ਦੀਪ ਸਿੱਧੂ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਕਿਸਾਨ, ਜਥੇਬੰਦੀਆਂ ਨੂੰ ਗੱਲਬਾਤ ਲਈ ਦਿੱਲੀ ਸੱਦਿਆ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਬਿਆਨ ਦੇਣ ਲੱਗ ਗਏ ਕਿ ਇਹ ਵਿਚੋਲੇ ਹਨ। ਉਨ੍ਹਾਂ ਮੁਤਾਬਕ ਸਰਕਾਰਾਂ ਦੀ ਮਾਨਸਿਕਸਤਾ ਇਸ ਗੱਲ ਤੋਂ ਪਤਾ ਲੱਗ ਜਾਂਦੀ ਹੈ।
  • ਕਸ਼ਮੀਰ ਵਿੱਚ ਧਾਰਾ 370 ਦੇ ਹਟਾਉਣ ਦਾ ਹਵਾਲਾ ਦਿੰਦਿਆਂ ਦੀਪ ਸਿੱਧੂ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਦੇ ਲੋਕ ਤੇ ਕਿਸਾਨ ਧਰਨੇ ਉੱਤੇ ਬੈਠੇ ਹਨ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੇ ਨੁਮਾਇੰਦਿਆਂ ਨਾਲ ਗੱਲ ਕਰੇ।
  • ਦੀਪ ਸਿੱਧੂ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਸੰਵਿਧਾਨ ਵਿੱਚ ਤਬਦੀਲੀਆਂ ਲਿਆ ਕੇ ਸ਼ਕਤੀਆਂ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਹੈ।
  • ਸਿੱਧੂ ਨੇ ਕਿਹਾ ਕਿ ਅਸੀਂ ਵੀ ਦੇਸ਼ ਦਾ ਹਿੱਸਾ ਹਾਂ ਅਤੇ ਪੰਜਾਬ-ਹਰਿਆਣਾ ਖ਼ੇਤੀ ਪ੍ਰਧਾਨ ਸੂਬੇ ਹਨ ਤੇ ਕਹਿ ਰਹੇ ਹਨ ਕਿ ਅਸੀਂ ਤੁਹਾਡੇ ਫ਼ੈਸਲੇ ਤੋਂ ਖ਼ੁਸ਼ ਨਹੀਂ ਹਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਵੀ ਇਹੀ ਗੱਲ ਕਹਿ ਰਹੇ ਹਨ, ਉਨ੍ਹਾਂ ਦੀ ਵੀ ਗੱਲ ਨਹੀਂ ਮੰਨੀ ਜਾ ਰਹੀ ਤੇ ਲੋਕਾਂ ਦੀ ਵੀ ਨਹੀਂ।
  • ਇਹ ਸਾਡੇ ਸਮਝ ਆ ਰਿਹਾ ਹੈ ਕਿ ਜੋ ਕੋਈ ਵੀ ਨੀਤੀ ਸਰਕਾਰ ਬਣਾ ਰਹੀ ਹੈ ਉਹ ਕਾਰਪੋਰੇਟ ਨੂੰ ਧਿਆਨ ਵਿੱਚ ਰੱਖ ਕੇ ਬਣਾ ਰਹੀ ਹੈ।
  • ਦੀਪ ਸਿੱਧੂ ਮੁਤਾਬਕ ਇਹ ਲੜਾਈ ਘੱਟੋ-ਘੱਟ ਸਮਰਥਨ ਮੁੱਲ ਦੀ ਨਹੀਂ ਸਾਡੀ ਹੋਂਦ ਦੀ ਹੈ। ਹੱਕ ਉਦੋਂ ਹੀ ਮਿਲਣਗੇ ਜਦੋਂ ਅਸੀਂ ਆਪਣੇ ਫ਼ੈਸਲੇ ਆਪ ਲਵਾਂਗੇ।