Punjab

ਪਾਰਲੀਮੈਂਟ ‘ਚ ਵੋਟਿੰਗ ਤਾਂ ਹੋਈ ਨਹੀਂ, ਸੁਖਬੀਰ ਬਾਦਲ ਬਿੱਲ ਦੇ ਵਿਰੋਧ ‘ਚ ਕਿੱਥੇ ਵੋਟ ਪਾ ਆਏ-MP ਭਗਵੰਤ ਮਾਨ

‘ਦ ਖ਼ਾਲਸ ਬਿਊਰੋ:- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ਵਿੱਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਵੋਟ ਪਾਉਣ ਵਾਲੇ ਬਿਆਨ ਉੱਤੇ ਹੈਰਾਨੀ ਪ੍ਰਗਟਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਤਾਂ ਇਨ੍ਹਾਂ ਬਿੱਲਾਂ ਉਤੇ ਸੰਸਦ ਵਿੱਚ ਵੋਟਿੰਗ ਹੋਈ ਹੀ ਨਹੀਂ, ਫਿਰ ਸੁਖਬੀਰ ਬਾਦਲ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿੱਥੇ ਵੋਟ ਪਾ ਆਏ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣ ਤੱਕ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਦੇ ਆਏ ਹਨ ਤੇ ਹੁਣ ਇਕਦਮ ਪਲਟੀ ਮਾਰ ਲਈ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਇਨ੍ਹਾਂ ਬਿੱਲਾਂ ਬਾਰੇ ਕੋਈ ਵੋਟਿੰਗ ਨਹੀਂ ਹੋਈ ਤੇ ਸੁਖਬੀਰ ਬਾਦਲ ਆਖ ਰਹੇ ਹਨ ਕਿ ਉਹ ਆਰਡੀਨੈਂਸਾਂ ਦੇ ਖਿਲਾਫ ਵੋਟ ਪਾ ਕੇ ਆਏ ਹਨ।

ਉਨ੍ਹਾਂ ਕਿਹਾ ਕਿ ਕੱਲ੍ਹ ਲੋਕ ਸਭਾ ਵਿੱਚ ਜ਼ਰੂਰੀ ਵਸਤਾਂ ਦੇ ਭੰਡਾਰੀਕਰਨ ਬਿੱਲ ਉੱਤੇ ਵਿਚਾਰ-ਚਰਚਾ ਹੋਈ ਹੈ।  ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਸੁਖਬੀਰ ਬਾਦਲ ਨੂੰ ਇਹ ਨਹੀਂ ਪਤਾ ਕਿ ਤੇਰਾ ਝੂਠ ਫੜਣ ਵਾਲਾ ਹੁਣ ਪਾਰਲੀਮੈਂਟ ਵਿੱਚ ਬੈਠਾ ਹੈ।  ਜਦੋਂ ਪਾਰਲੀਮੈਂਟ ਵਿੱਚ ਵੋਟਿੰਗ ਹੀ ਨਹੀਂ ਹੋਈ ਤਾਂ ਤੁਸੀਂ ਬਿੱਲ ਦੇ ਵਿਰੋਧ ‘ਚ ਵੋਟ ਕਿਵੇਂ ਪਾ ਦਿੱਤੀ ?  ਬਸ ਕਰੋ,  ਲੋਕਾਂ ਨੂੰ ਵੋਟਿੰਗ ਦੇ ਨਾਮ ‘ਤੇ ਹੋਰ ਗੁੰਮਰਾਹ ਨਾ ਕਰੋ..!

ਸੁਖਬੀਰ ਬਾਦਲ ਨੇ ਸੰਸਦ ਵਿੱਚ ਖੇਤੀ ਆਰਡੀਨੈਂਸਾਂ ਦੇ ਨਾ ਹੱਕ ‘ਚ ਅਤੇ ਨਾ ਹੀ ਵਿਰੋਧ ‘ਚ ਕੁੱਝ ਕਿਹਾ। ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸੰਸਦ ‘ਚ ਹੀ ਨਹੀਂ ਆਈ ਜਿਸਦੇ ਮਹਿਕਮੇ ਨਾਲ ਸਬੰਧਿਤ ਇਹ ਬਿੱਲ ਸੀ। ਪਹਿਲਾਂ ਇਨ੍ਹਾਂ ਧਰਮ ਵੇਚਿਆ ਅਤੇ ਹੁਣ ਇਹ ਸਦਨ ਦੀ ਪਵਿੱਤਰ ਮਰਿਆਦਾ ਵੀ ਭੰਗ ਕਰ ਰਹੇ ਹਨ। ਇਹ ਸੰਸਦ ਵਿੱਚ ਕੁੱਝ ਹੋਰ ਕਹਿੰਦੇ ਹਨ ਅਤੇ ਸੰਸਦ ‘ਚ ਕੀ ਹੋਇਆ, ਬਾਹਰ ਆ ਕੇ ਕੁੱਝ ਹੋਰ ਕਹਿੰਦੇ ਹਨ। ਸੋ, ਇਨ੍ਹਾਂ ‘ਤੇ ਯਕੀਨ ਨਾ ਕਰਿਉ”।

ਭਗਵੰਤ ਮਾਨ ਨੇ ਕਿਹਾ ਕਿ “ਖੇਤੀ ਆਰਡੀਨੈਂਸ ਦੇ ਬਿੱਲ ਲੋਕ ਸਭਾ ਵਿੱਚ ਅੱਜ ਆਉਣਗੇ। ਮੈਂ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਬਿੱਲਾਂ ਦਾ ਵਿਰੋਧ ਵੀ ਕਰਾਂਗਾ, ਵੋਟ ਵੀ ਵਿਰੋਧ ਵਿੱਚ ਪਾਵਾਂਗਾ ਅਤੇ ਨਾਲ ਹੀ ਅਕਾਲੀ ਦਲ ਤੇ ਕਾਂਗਰਸ ਦਾ ਚਿਹਰਾ ਵੀ ਨੰਗਾ ਕਰਾਂਗਾ”।

ਕੱਲ੍ਹ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਕਿਸਾਨਾਂ ਦੇ ਹੱਕਾਂ ਵਿੱਚ ਖੜ੍ਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜ਼ਰੂਰੀ ਵਸਤਾਂ (ਸੋਧ) ਬਿੱਲ 2020 ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਅਤੇ ਉਹ ਅਜਿਹੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰ ਸਕਦੀ ਜੋ ਦੇਸ਼ ਖਾਸ ਤੌਰ ‘ਤੇ ਪੰਜਾਬ ਦੇ ਅੰਨਦਾਤਾ ਦੇ ਹਿੱਤਾਂ ਦੇ ਖਿਲਾਫ ਹੋਵੇ।

ਬਾਦਲ ਨੇ ਲੋਕ ਸਭਾ ਵਿੱਚ ਜ਼ੋਰਦਾਰ ਤਕਰੀਰ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਹੀ ਸੰਗਠਨ ਹੈ। ਹਰ ਅਕਾਲੀ ਇੱਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਇੱਕ ਅਕਾਲੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਕਿਸਾਨਾਂ ਵਾਸਤੇ ਲੜਾਈ ਲੜੀ ਹੈ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸਰਵਉੱਚ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਵਿਰਾਸਤ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਭਾਵੇਂ ਸਾਨੂੰ ਕੋਈ ਵੀ ਕੀਮਤ ਅਦਾ ਕਰਨੀ ਪਵੇ।

ਹਾਲਾਂਕਿ, ਅਕਾਲੀ ਦਲ ਨੇ ਸ਼ੁਰੂਆਤ ਦੇ ਵਿੱਚ ਇਨ੍ਹਾਂ ਤਿੰਨਾਂ ਖੇਤੀ ਆਰਡੀਨੈਂਸਾਂ ਦਾ ਪੂਰਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹਨ।