India Khaas Lekh

ਬਿਹਾਰੀਆਂ ਵੱਲੋਂ ਨਿਤੀਸ਼ ਨੂੰ ਠੁਕਰਾਉਣ ਦੇ ਬਾਵਜੂਦ ਬਿਹਾਰ ’ਚ ਫਿਰ ਤੋਂ ਮੋਦੀ ਰਾਜ! ਜਾਣੋ ਬਿਹਾਰ ਵਿਧਾਨ ਸਭਾ ਚੋਣਾਂ ਦਾ ਹਰ ਪਹਿਲੂ

’ਦ ਖ਼ਾਲਸ ਬਿਊਰੋ: ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਬੁੱਧਵਾਰ ਤੜਕੇ ਚਾਰ ਵਜੇ ਤੋਂ ਬਾਅਦ ਐਲਾਨੇ ਗਏ। ਨੈਸ਼ਨਲ ਡੈਮੋਕਰੇਟਿਕ ਗੱਠਜੋੜ (ਐਨਡੀਏ) ਨੂੰ ਇਸ ਚੋਣ ਵਿੱਚ ਸਪੱਸ਼ਟ ਬਹੁਮਤ ਮਿਲਿਆ ਹੈ। ਸਭ ਤੋਂ ਅਖ਼ੀਰ ਵਿੱਚ ਇੱਕ ਸੀਟ ਦਾ ਨਤੀਜਾ ਐਲਾਨਿਆ ਗਿਆ, ਜਿਸ ‘ਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਜੇਤੂ ਰਿਹਾ। ਐਨਡੀਏ ਨੂੰ 125 ਅਤੇ ਮਹਾਗਠਬੰਧਨ ਨੂੰ 110 ਸੀਟਾਂ ਮਿਲੀਆਂ ਹਨ। ਐਨਡੀਏ ਨੇ 125 ਸੀਟਾਂ ਜਿੱਤ ਕੇ ਬਹੁਮਤ ਦਾ ਅੰਕੜਾ ਹਾਸਲ ਕੀਤਾ। ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਦੀ ਪਾਰਟੀ ਆਰਜੇਡੀ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਜਦਕਿ ਬੀਜੇਪੀ 74 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਹੈ।

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਿਹਾਰ ਵਿੱਚ ਸੱਤਾਧਾਰੀ ਐਨਡੀਏ ਵਿੱਚ ਸ਼ਾਮਲ ਬੀਜੇਪੀ ਨੇ 74 ਸੀਟਾਂ, ਜੇਡੀਯੂ ਨੇ 43 ਸੀਟਾਂ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੇ ਚਾਰ ਸੀਟਾਂ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਨੇ 4 ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰ ਇੱਕ ਸੀਟ ਜਿੱਤਣ ਵਿੱਚ ਸਫਲ ਰਿਹਾ ਹੈ। ਵਾਲਮੀਕੀ ਨਗਰ ਲੋਕ ਸਭਾ ਹਲਕੇ ਲਈ ਹੋਈਆਂ ਉਪ ਚੋਣਾਂ ਵਿੱਚ ਜੇਡੀਯੂ ਨੇ ਫਿਰ ਤੋਂ ਜਿੱਤ ਦਰਜ ਕੀਤੀ ਹੈ।

ਦੂਜੇ ਪਾਸੇ, ਰਾਜਦ, ਜੋ ਵਿਰੋਧੀ ਗਠਜੋੜ ਦਾ ਹਿੱਸਾ ਹੈ, ਨੇ 75 ਸੀਟਾਂ, ਕਾਂਗਰਸ ਨੇ 19 ਸੀਟਾਂ, ਭਾਕਪਾ ਮਾਲੇ (ਸੀਪੀਆਈ ਐਮਐਲ) ਨੇ 12 ਸੀਟਾਂ, ਭਾਕਪਾ (ਸੀਪੀਆਈ) ਅਤੇ ਭਾਕਪਾ (ਸੀਪੀਐਮ) ਨੇ ਦੋ-ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਏਆਈਐਮਆਈਐਮ ਨੇ 5 ਸੀਟਾਂ ਜਿੱਤੀਆਂ ਹਨ, ਐਲਜੇਪੀ ਅਤੇ ਬਸਪਾ (ਬਸਪਾ) ਨੇ ਇੱਕ-ਇੱਕ ਸੀਟ ਜਿੱਤੀ ਹੈ।

ਯਾਦ ਰਹੇ ਕੋਰੋਨਾ ਮਹਾਂਮਾਰੀ ਚੱਲਦਿਆਂ ਜਦੋਂ ਮੋਦੀ ਸਰਕਾਰ ਨੇ ਦੇਸ਼ ਵਿੱਚ ਲਾਕਡਾਊਨ ਲਾਗੂ ਕੀਤਾ ਸੀ ਤਾਂ ਲੱਖਾਂ ਪਰਵਾਸੀ ਮਜ਼ਦੂਰ ਸੜਕਾਂ ’ਤੇ ਨਜ਼ਰ ਆਏ। ਬਹੁਤ ਸਾਰੇ ਬਿਹਾਰ ਨਾਲ ਸਬੰਧਿਤ ਸਨ। ਉਸ ਵੇਲੇ ਬਿਹਾਰ ਦੇ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਨੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਖ਼ਾਸੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਮਜ਼ਦੂਰਾਂ ਨੇ ਕਿਹਾ ਸੀ ਕਿ ਇਸ ਵਾਰ ਚੋਣਾਂ ਵਿੱਚ ਤਖ਼ਤਾ ਪਲਟਿਆ ਜਾਏਗਾ। ਹਾਲਾਂਕਿ ਇਸ ਵਾਰ ਨਿਤੀਸ਼ ਦੀ ਪਾਰਟੀ ਨੂੰ ਬੀਜੇਪੀ ਨਾਲੋਂ ਘੱਟ ਵੋਟ ਪਏ ਹਨ, ਫਿਰ ਵੀ ਸੂਬੇ ਵਿੱਚ ਦੁਬਾਰਾ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ।

ਕਿਸਨੂੰ ਕਿੰਨੀਆਂ ਸੀਟਾਂ ਮਿਲੀਆਂ

ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ (All India Majlis-E-Ittehadul Muslimeen) ਨੂੰ ਪੰਜ, ਬਹੁਜਨ ਸਮਾਜ ਪਾਰਟੀ (Bahujan Samaj Party) ਨੂੰ ਇੱਕ, ਭਾਰਤੀ ਜਨਤਾ ਪਾਰਟੀ (Bharatiya Janata Party) ਨੂੰ 74, ਭਾਰਤੀ ਕਮਿਊਨਿਸਟ ਪਾਰਟੀ (Communist Party of India) ਨੂੰ 2, ਭਾਰਤੀ ਕਮਿਊਨਿਸਟ ਪਾਰਟੀ- ਮਾਰਕਸਵਾਦੀ (Communist Party of India-Marxist) ਨੂੰ 2, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ (Communist Party of India-Marxist-Leninist Liberation) ਨੂੰ 12, ਹਿੰਦੁਸਤਾਨੀ ਆਵਾਮ ਮੋਰਚਾ (Hindustani Awam Morcha-Secular) ਨੂੰ 4, ਆਜ਼ਾਦ ਉਮੀਦਵਾਰ (Independent) ਨੂੰ ਇੱਕ, ਕਾਂਗਰਸ (Congress) ਨੂੰ 19, ਜਨਤਾ ਦਲ ਯੂਨਾਈਟਿਡ (Janata Dal United) ਨੂੰ 43, ਲੋਕ ਜਨ ਸ਼ਕਤੀ ਪਾਰਟੀ (Lok Jan Shakti Party) ਨੂੰ ਇੱਕ, ਰਾਸ਼ਟਰੀ ਜਨਤਾ ਦਲ ਨੂੰ (Rashtriya Janata Dal) 75, ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (Vikassheel Insaan Party) ਨੂੰ ਚਾਰ ਸੀਟਾਂ ਮਿਲੀਆਂ ਹਨ।

ਨਿਤੀਸ਼ ਕੁਮਾਰ ਹੀ ਹੋਣਗੇ ਮੁੱਖ ਮੰਤਰੀ !

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ 74 ਸੀਟਾਂ ਜਿੱਤ ਕੇ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਬਣਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਹੀ ਗੱਠਜੋੜ ਵੱਲੋਂ ਮੁੱਖ ਮੰਤਰੀ ਹੋਣਗੇ। ਇਸ ’ਤੇ ਕੋਈ ‘ਕਨਫਿਊਜ਼ਨ’ ਨਹੀਂ ਹੈ। ਸੂਬੇ ਦੇ ਉਪ ਮੁੱਖ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਸੁਸ਼ੀਲ ਕੁਮਾਰ ਮੋਦੀ ਨੇ ਅੱਜ ਕਿਹਾ, ‘ਨਿਤੀਸ਼ ਜੀ ਮੁੱਖ ਮੰਤਰੀ ਬਣੇ ਰਹਿਣਗੇ ਕਿਉਂਕਿ ਇਹ ਸਾਡੀ ਵਚਨਬੱਧਤਾ ਸੀ। ਇਸ ਬਾਰੇ ਕੋਈ ਭਰਮ ਨਹੀਂ ਹੈ।’ ਉਨ੍ਹਾਂ ਕਿਹਾ, ‘ਚੋਣਾਂ ਵਿੱਚ ਅਜਿਹਾ ਹੁੰਦਾ ਹੈ, ਕੁਝ ਵਧੇਰੇ ਸੀਟਾਂ ਜਿੱਤਦੇ ਹਨ ਅਤੇ ਕੁਝ ਘੱਟ ਜਿੱਤਦੇ ਹਨ, ਪਰ ਅਸੀਂ ਬਰਾਬਰ ਦੇ ਭਾਈਵਾਲ ਹਾਂ।’

ਨਿਤੀਸ਼ ਦੀ ਪਾਰਟੀ ਜੇਡੀਯੂ ਤੋਂ ਜ਼ਿਆਦਾ ਸੀਟਾਂ ਜਿੱਤਣ ਦੇ ਇੱਕ ਦਿਨ ਬਾਅਦ ਬੀਜੇਪੀ ਵੱਲੋਂ ਇਹ ਬਿਆਨ ਆਇਆ ਹੈ। ਇਸ ਬਾਰੇ ਚਰਚਾ ਚੱਲ ਰਹੀ ਸੀ ਕਿ ਕੀ ਗੱਠਜੋੜ ਵਿੱਚ ਵੱਡੇ ਭਰਾ ਦਾ ਰੁਤਬਾ ਖੋਹੇ ਜਾਣ ਤੋਂ ਬਾਅਦ ਵੀ ਨਿਤੀਸ਼ ਕੁਮਾਰ ਗੱਠਜੋੜ ਦੇ ਮੁੱਖ ਮੰਤਰੀ ਹੋਣਗੇ ਜਾਂ ਨਹੀਂ? ਬਹੁਤ ਸਾਰੇ ਲੋਕ ਇਸ ਬਾਰੇ ਸਵਾਲ ਕਰ ਰਹੇ ਸਨ, ਪਰ ਬੀਜੇਪੀ ਨੇ ਜਵਾਬ ਦੇ ਕੇ ਸਭ ਦਾ ਮੂੰਹ ਬੰਦ ਕਰ ਦਿੱਤਾ ਹੈ।

ਬੀਜੇਪੀ ਨੇ ਬਿਹਾਰ ਵਿਚ ਆਪਣੇ ਦਮ ’ਤੇ ਕਦੇ ਰਾਜ ਨਹੀਂ ਕੀਤਾ ਅਤੇ ਨਾ ਹੀ ਪਾਰਟੀ ਨਿਤੀਸ਼ ਕੁਮਾਰ ਤੋਂ ਬਿਨਾਂ ਸੂਬੇ ਵਿੱਚ ਸੱਤਾ ਬਰਕਰਾਰ ਰੱਖ ਸਕੀ ਹੈ। ਪਰ ਇਸ ਵਾਰ ਚੋਣ ਨਤੀਜਿਆਂ ਵਿੱਚ ਬੀਜੇਪੀ ਜੇਡੀਯੂ ਤੋਂ ਕਿਤੇ ਅੱਗੇ ਹੈ। ਸੂਤਰ ਦੱਸਦੇ ਹਨ ਕਿ ਅਜਿਹੀ ਸਥਿਤੀ ਵਿੱਚ ਨਿਤੀਸ਼ ਕੁਮਾਰ ਦੇ ਚੌਥੇ ਕਾਰਜਕਾਲ ਵਿੱਚ ਸ਼ਕਤੀ ਸੰਤੁਲਨ ਵੱਖਰਾ ਹੋਣ ਦੀ ਸੰਭਾਵਨਾ ਹੈ।

ਸਿਆਸੀ ਮੌਕਾਪ੍ਰਸਤ ਕਹੇ ਜਾਣ ਵਾਲੇ ਨਿਤੀਸ਼ ਕੁਮਾਰ ਬਾਰੇ ਕੁਝ ਖ਼ਾਸ ਗੱਲਾਂ

ਨਿਤੀਸ਼ ਕੁਮਾਰ ਸਿਆਸਤ ’ਚ ਸਹੀ ਸਮੇਂ ’ਤੇ ਦੋਸਤਾਂ ਨੂੰ ਦੁਸ਼ਮਣ ਅਤੇ ਦੁਸ਼ਮਣਾਂ ਨੂੰ ਦੋਸਤ ਬਣਾਉਣ ਦੀ ਕਲਾ ਜਾਣਦੇ ਹਨ। ਲਗਭਗ 15 ਸਾਲਾਂ ਤੋਂ ਬਿਹਾਰ ’ਚ ਸੱਤਾ ਦੀ ਕਮਾਨ ਸੰਭਾਲ ਰਹੇ ਨਿਤੀਸ਼ ਕੁਮਾਰ ਇੱਕ ਵਾਰੀ ਫਿਰ ਬਿਹਾਰ ’ਚ ਮੁੱਖ ਮੰਤਰੀ ਅਹੁਦੇ ਦੀ ਕੁਰਸੀ ’ਤੇ ਬੈਠਣ ਲਈ ਤਿਆਰ ਹਨ। ਮੰਡਲ ਦੀ ਰਾਜਨੀਤੀ ਤੋਂ ਨੇਤਾ ਬਣ ਕੇ ਉੱਭਰੇ ਨਿਤੀਸ਼ ਨੂੰ ਬਿਹਾਰ ਲਈ ਚੰਗਾ ਸ਼ਾਸਨ ਮੁਹੱਈਆ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਦੇ ਵਿਰੋਧੀ ਉਨ੍ਹਾਂ ’ਤੇ ਮੌਕਾਪ੍ਰਸਤ ਹੋਣ ਦਾ ਦੋਸ਼ ਲਾ ਰਹੇ ਹਨ।

ਭਾਵੇਂ ਇਸ ਵਾਰੀ ਚੋਣਾਂ ’ਚ ਜਨਤਾ ਦਲ (ਯੂ) ਦਾ ਪ੍ਰਦਰਸ਼ਨ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਉਸ ਤੋਂ ਪਿਛਲੀ ਵਾਰੀ 2015 ’ਚ ਵਿਧਾਨ ਸਭਾ ਚੋਣਾਂ ’ਚ ਮਿਲੀਆਂ 71 ਸੀਟਾਂ ਮੁਕਾਬਲੇ ਇਸ ਵਾਰੀ ਸਿਰਫ਼ 43 ਸੀਟਾਂ ਮਿਲੀਆਂ ਹਨ ਪਰ ਸਿਆਸੀ ਸਮੇਂ ਦੀ ਨਜ਼ਾਕਤ ਨੂੰ ਸਮਝਣ ਵਾਲੇ ਨਿਤੀਸ਼ ਕੁਮਾਰ ਇਸ ਵਾਰੀ ਵੀ ਮੁੱਖ ਮੰਤਰੀ ਬਣੇ ਰਹਿਣ ’ਚ ਕਾਮਯਾਬ ਰਹੇ ਹਨ।

ਭਾਵੇਂ ਇਸ ਨੂੰ ਰਾਜਨੀਤਕ ਮੌਕਾਪ੍ਰਸਤੀ ਕਿਹਾ ਜਾਵੇ ਜਾਂ ਉਨ੍ਹਾਂ ਦੀ ਸਿਆਣਪ, ਰਾਜਨੀਤਕ ਸ਼ਤਰੰਜ ਦੀ ਬਿਸਾਤ ’ਤੇ ਨਿਤੀਸ਼ ਦੀਆਂ ਚਾਲਾਂ ਨੇ ਕਈ ਸਾਲਾਂ ਤੋਂ ਸੱਤਾ ’ਤੇ ਉਨ੍ਹਾਂ ਦਾ ਦਬਦਬਾ ਕਾਇਮ ਰਖਿਆ ਹੈ। ਨਿਤੀਸ਼ ਨੇ ਦੇਸ਼ ਦੀ ਰਾਜਨੀਤੀ ’ਚ ਅਹਿਮ ਥਾਂ ਰੱਖਣ ਵਾਲੇ ਬਿਹਾਰ ’ਚ ਹਿੰਦੂਤਵਵਾਦੀ ਤਾਕਤਾਂ ਦਾ ਦਬਦਬਾ ਕਾਇਮ ਨਹੀਂ ਹੋਣ ਦਿੱਤਾ ਅਤੇ ਸੂਬੇ ’ਚ ਉਨ੍ਹਾਂ ਦੇ ਕੱਦ ਕਰਕੇ ਹੀ ਭਾਜਪਾ ਨੇ ਕੇਂਦਰ ’ਚ ਸਰਕਾਰ ਬਣਾਉਣ ਦੇ ਬਾਵਜੂਦ ਬਿਹਾਰ ’ਚ ਆਪਣੀ ਪਾਰਟੀ ਦੇ ਕਿਸੇ ਨੂੰ ਉਮੀਦਵਾਰ ਨਾ ਬਣਾ ਕੇ ਨਿਤੀਸ਼ ਨੂੰ ਗਠਜੋੜ ਵੱਲੋਂ ਉਮੀਦਵਾਰ ਐਲਾਨ ਕਰ ਦਿੱਤਾ।

ਜਾਣੋ ਨਿਤੀਸ਼ ਕੁਮਾਰ ਕਦੋਂ-ਕਦੋਂ ਬਿਹਾਰ ਦੇ ਮੁੱਖ ਮੰਤਰੀ ਬਣੇ ?

  • ਨਿਤੀਸ਼ ਕੁਮਾਰ ਸਭ ਤੋਂ ਪਹਿਲਾਂ 3 ਮਾਰਚ 2000 ਨੂੰ ਮੁੱਖ ਮੰਤਰੀ ਬਣੇ ਸਨ, ਪਰ ਉਨ੍ਹਾਂ ਦੀ ਸਰਕਾਰ 7 ਦਿਨ ਬਾਅਦ ਬਹੁਮਤ ਨਾ ਹੋਣ ਕਾਰਨ ਡਿੱਗ ਗਈ ਸੀ।
  • ਨਿਤੀਸ਼ ਨੇ 24 ਨਵੰਬਰ 2005 ਨੂੰ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
  • 26 ਨਵੰਬਰ 2010 ਨੂੰ ਉਹ ਤੀਜੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ।
  • 22 ਫ਼ਰਵਰੀ 2015 ਨੂੰ ਚੌਥੀ ਵਾਰ ਮੁੱਖ ਮੰਤਰੀ ਬਣੇ।
  • ਰਾਜਦ ਦੇ ਨਾਲ ਗਠਜੋੜ ਕਰਦਿਆਂ 20 ਨਵੰਬਰ 2015 ਨੂੰ ਪੰਜਵੀਂ ਵਾਰ ਮੁੱਖ ਮੰਤਰੀ ਬਣੇ।
  • ਉਹ ਰਾਜਦ ਨਾਲ ਸਬੰਧ ਤੋੜਨ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਕਰਨ ਤੋਂ ਬਾਅਦ 27 ਜੁਲਾਈ 2017 ਨੂੰ 6ਵੀਂ ਵਾਰ ਮੁੱਖ ਮੰਤਰੀ ਬਣੇ।

ਦੱਸ ਦੇਈਏ ਕਿ ਨਿਤੀਸ਼ ਕੁਮਾਰ ਨੇ ਬਿਹਾਰ ਚੋਣਾਂ ਦੀਆਂ ਕਈ ਰੈਲੀਆਂ ‘ਚ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੋਵੇਗੀ। ਨਿਤੀਸ਼ ਨੇ ਬਿਹਾਰ ‘ਚ ਲੰਮੇ ਸਮੇਂ ਤਕ ਰਾਜ ਕੀਤਾ। ਇਸ ਵਾਰ ਨਿਤੀਸ਼ ਕੁਮਾਰ ਦੀ ਲਾਲੂ ਯਾਦਵ ਦੇ ਬੇਟੇ ਤੇਜਸ਼ਵੀ ਨਾਲ ਸਖ਼ਤ ਟੱਕਰ ਸੀ। ਹੁਣ ਨਿਤੀਸ਼ ਦੇ ਨਾਂਅ ‘ਤੇ ਵਿਧਾਇਕ ਦਲ ਦੀ ਬੈਠਕ ‘ਚ ਮੁੱਖ ਮੰਤਰੀ ਦੇ ਅਹੁਦੇ ‘ਤੇ ਮੋਹਰ ਲਗਾਈ ਜਾਵੇਗੀ, ਜਿਸ ਤੋਂ ਬਾਅਦ ਉਹ ਸਹੁੰ ਚੁੱਕਣਗੇ।

ਹਾਰ ਮਗਰੋਂ ਕੀ ਬੋਲਿਆ ਚਿਰਾਗ ਪਾਸਵਾਨ

ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ 130 ਤੋਂ ਵੱਧ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ, ਹਾਲਾਂਕਿ ਉਸ ਦਾ ਸਿਰਫ ਇੱਕ ਉਮੀਦਵਾਰ ਹੀ ਸੀਟ ਜਿੱਤਣ ਵਿੱਚ ਕਾਮਯਾਬ ਰਿਹਾ। ਚਿਰਾਗ ਨੇ ਅੱਜ ਬੁੱਧਵਾਰ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਨੇਤਾਵਾਂ ਨੂੰ ਜਿੱਤ ਲਈ ਵਧਾਈ ਦਿੱਤੀ।

ਇਸ ਦੌਰਾਨ ਚਿਰਾਗ ਪਾਸਵਾਨ ਨੇ ਕਿਹਾ, ‘ਭਾਜਪਾ-ਐਲਜੇਪੀ ਦੀ ਸਰਕਾਰ ਮੈਂ ਜ਼ਰੂਰ ਬਣਾਉਣਾ ਚਾਹੁੰਦਾ ਸੀ ਪਰ ਕੁਝ ਦਿੱਕਤ ਰਹੀ। ਮੇਰਾ ਉਦੇਸ਼ ਇਹੀ ਸੀ ਕਿ ਨਿਤੀਸ਼ ਕੁਮਾਰ ਮੁੱਖ ਮੰਤਰੀ ਨਾ ਬਣਨ ਪਰ ਜਨਆਦੇਸ਼ ਦਾ ਸਨਮਾਨ ਕਰਾਂਗੇ।’

ਉਸ ਨੇ ਕਿਹਾ, ‘ਮੈਂ ਚਾਹੁੰਦਾ ਸੀ ਕਿ ਬੀਜੇਪੀ ਸਫਲ ਹੋਵੇ। ਐਲਜੇਪੀ ਨੂੰ 25 ਲੱਖ ਵੋਟਰਾਂ ਦਾ ਭਰੋਸਾ ਮਿਲਿਆ ਹੈ। ਇਹ ਵੋਟਾਂ ਇਕੱਲੇ ਲੜ ਕੇ ਜਿੱਤੀਆਂ ਹਨ। ਸਾਡੇ ਤੋਂ ਪੜੀ ਪਾਰਟੀ ਦਾ ਟੈਗ ਹਟਿਆ ਹੈ। ਵੋਟ ਫੀਸਦ ਨਾਲ ਪਾਰਟੀ ਨੂੰ ਨਵੀਂ ਊਰਜਾ ਮਿਲੀ ਹੈ। ਬਿਹਾਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਇਕ ਆਦੇਸ਼ ਦਿੱਤਾ ਹੈ। ਵਿਕਾਸ ਲਈ ਪ੍ਰਧਾਨ ਮੰਤਰੀ ਦਾ ਮਜ਼ਬੂਤ ​​ਹੋਣਾ ਜ਼ਰੂਰੀ ਹੈ। ਬਿਹਾਰ ਵਿੱਚ ਬੀਜੇਪੀ ਦਾ ਮਜ਼ਬੂਤ ​​ਹੋਣਾ ਜ਼ਰੂਰੀ ਹੈ। ਸਾਡੀ ਪਾਰਟੀ ਕੋਲ ਹਾਰਨ ਲਈ ਕੁਝ ਨਹੀਂ ਹੈ। ਜਦੋਂ ਅਸੀਂ ਇਕੱਲੇ ਇੰਨਾ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ, ਤਾਂ 2025 ਵਿੱਚ ਅਸੀਂ ਬਿਹਤਰ ਕਰਾਂਗੇ।’

‘ਕਿੰਗਮੇਕਰ’ ਬਣੇ ਓਵੈਸੀ ਬੰਗਾਲ ’ਚ ਵੀ ਲੜਨਗੇ ਚੋਣਾਂ

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਅਸਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮਿਨ (ਏਆਈਐਮਆਈਐਮ) ਹੁਣ ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਰਗੇ ਸੂਬਿਆਂ ਵਿੱਚ ਵੀ ਆਪਣੇ ਪੈਰ ਜਮਾਉਣ ਬਾਰੇ ਵਿਚਾਰ ਕਰ ਰਹੀ ਹੈ। ਪਾਰਟੀ ਨੇ ਬਿਹਾਰ ਚੋਣਾਂ ਵਿੱਚ ਪੰਜ ਸੀਟਾਂ ਜਿੱਤੀਆਂ ਹਨ। ਹੈਦਰਾਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਵੈਸੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ਦੇ ਸੀਮਾਂਚਲ ਖੇਤਰ ਵਿੱਚ ਇਨਸਾਫ਼ ਲਈ ਲੜਾਈ ਲੜੇਗੀ। ਇਨ੍ਹਾਂ ਇਲਜ਼ਾਮਾਂ ’ਤੇ ਕਿ ਉਨ੍ਹਾਂ ਦੀ ਪਾਰਟੀ ਨੇ ਬੀਜੇਪੀ ਵਿਰੋਧੀ ਵੋਟਾਂ ਨੂੰ ਵੰਡਿਆ ਹੈ, ਓਵੈਸੀ ਨੇ ਕਿਹਾ ਕਿ ਉਹ ਇਕ ਸਿਆਸੀ ਪਾਰਟੀ ਚਲਾ ਰਹੇ ਹਨ ਅਤੇ ਇਸ ਨੂੰ ਆਪਣੀ ਮਰਜ਼ੀ ਨਾਲ ਚੋਣਾਂ ਲੜਨ ਦਾ ਅਧਿਕਾਰ ਹੈ।

ਉਨ੍ਹਾਂ ਕਿਹਾ, ‘ਕੀ ਤੁਹਾਡਾ ਮਤਲਬ ਹੈ ਕਿ ਅਸੀਂ ਚੋਣਾਂ ਨਾ ਲੜੀਏ? ਆਪ (ਕਾਂਗਰਸ) ਜਾ ਕੇ ਸ਼ਿਵ ਸੈਨਾ ਦੀ ਗੋਦੀ ਵਿੱਚ (ਮਹਾਰਾਸ਼ਟਰ) ਬੈਠ ਗਈ। ਜੇ ਕੋਈ ਪੁੱਛਦਾ ਹੈ ਕਿ ਤੁਸੀਂ ਇੱਥੇ ਚੋਣ ਕਿਉਂ ਲੜੀਆਂ … ਮੈਂ ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀਆਂ ਹਰ ਚੋਣਾਂ ਲੜਾਂਗਾ।’ ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਦੀ ਪਾਰਟੀ ਕਿਸੇ ਹੋਰ ਸੂਬੇ ‘ਚ ਚੋਣ ਲੜੇਗੀ, ਓਵੈਸੀ ਨੇ ਕਿਹਾ, ‘ਕੀ ਮੈਨੂੰ ਚੋਣ ਲੜਨ ਲਈ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਹੈ।’

ਹਾਲਾਂਕਿ ਓਵੈਸੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਨ੍ਹਾਂ ਦਾ ਪਾਰਟੀ ਆਪਣੇ ਦਮ ’ਤੇ ਚੋਣਾਂ ਲੜੇਗੀ ਜਾਂ ਦੂਜੀਆਂ ਪਾਰਟੀਆਂ ਨਾਲ ਗਠਜੋੜ ਕਰਕੇ। ਓਵੈਸੀ ਨੇ ਕਿਹਾ, ‘ਏਆਈਐਮਆਈਐਮ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਲੜੇਗੀ। ਸਮਾਂ ਦੱਸੇਗਾ ਕਿ ਅਸੀਂ ਕਿਸ ਨਾਲ ਗਠਜੋੜ ਕਰਦੇ ਹਾਂ।’

ਪੀਐਮ ਅਹੁਦੇ ਦੀ ਦਾਅਵੇਦਾਰ ਕਹਾਉਣ ਵਾਲੀ ਪੁਸ਼ਪਮ ਨੂੰ NOTA ਨਾਲੋਂ ਵੀ ਘੱਟ ਵੋਟਾਂ

ਬਿਹਾਰ ਵਿਧਾਨ ਸਭਾ ਚੋਣਾਂ ‘ਚ ਇਕ ਨਾਂ ਬਹੁਤ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣਿਆ ਸੀ, ਉਹ ਹੈ ਪੁਸ਼ਪਮ ਪ੍ਰਿਆ ਚੌਧਰੀ। ਉਸ ਨੇ ਰਾਤੋਂ-ਰਾਤ ਖੁਦ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸ ਕੇ ਸਿਆਸੀ ਗਲਿਆਰੇ ‘ਚ ਹਲਚਲ ਮਚਾ ਦਿੱਤੀ ਸੀ। ਉਨ੍ਹਾਂ ਦੀ ਪਾਰਟੀ ‘ਦੀ ਪਲੂਰਲਸ ਪਾਰਟੀ’ ਇਸ ਵਾਰ 47 ਸੀਟਾਂ ‘ਤੇ ਚੋਣਾਂ ਲੜ ਰਹੀ ਸੀ। ਪੁਸ਼ਪਮ ਦੇ ਸਾਰੇ ਉਮੀਦਵਾਰ ਪਹਿਲਾਂ ਤੋਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ ਸਨ।

ਉਨ੍ਹਾਂ ਨੇ ਨੌਜਵਾਨ ਪੇਸ਼ੇਵਰਾਂ ਨੂੰ ਉਮੀਦਵਾਰ ਬਣਾਇਆ ਸੀ, ਜੋ ਹਾਰ ਗਏ। ਪੁਸ਼ਪਮ ਖੁਦ ਬਾਂਕੀਪੁਰ ਤੇ ਬਿਸਫੀ ਸੀਟ ਤੋਂ ਚੋਣ ਲੜ ਰਹੀ ਸੀ, ਪਰ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਸੀਟਾਂ ਤੋਂ ਕੁਲ ਮਿਲਾ ਕੇ 6710 ਵੋਟਾਂ ਮਿਲੀਆਂ। ਪੁਸ਼ਪਮ ਨੂੰ ਬਾਂਕੀਪੁਰ ਸੀਟ ਤੋਂ 5189 ਅਤੇ ਬਿਸਫੀ ਸੀਟ ਤੋਂ ਕੁਲ 1521 ਵੋਟਾਂ ਪ੍ਰਾਪਤ ਹੋਈਆਂ। ਇਹ ਨੋਟਾ ਨਾਲੋਂ ਕਈ ਗੁਣਾ ਘੱਟ ਹਨ। ਇਨ੍ਹਾਂ ਦੋਹਾਂ ਸੀਟਾਂ ‘ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ।