India Punjab

ਨਵਜੋਤ ਸਿੱਧੂ ਦਾ ਮੋਦੀ ਦੇ ਮੰਤਰੀ ਨੂੰ ਸਿੱਧਾ ਚੈਲੰਜ, ਪਿਯੂਸ਼ ਦੇ ਝੂਠ ਨੂੰ ਜੜ੍ਹੋਂ ਪੱਟ ਦੂੰ…

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਮੇਰੇ ਮਿੱਤਰ ਜਰੂਰ ਨੇ, ਪਰ ਮੈਂ ਝੂਠ ਦੀਆਂ ਜੜ੍ਹਾਂ ਪੁੱਟ ਦਿਆਂਗਾ। ਵੈਸੇ ਵੀ ਝੂਠ ਦੇ ਪੈਰ ਨਹੀਂ ਹੁੰਦੇ। ਚਾਰ ਪੁਆਇੰਟ ਦੱਸਾਗਾਂ ਤੇ ਸਾਰਾ ਝੂਠ ਬੇਨਕਾਬ ਕਰ ਦਿਆਂਗਾ। ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸ਼ਾਤੀ ਠੋਕ ਕੇ ਕਹਿੰਦਾ ਕਿ ਆੜ੍ਹਤੀਆਂ ਦੀਆਂ ਸੇਵਾਵਾਂ ਸਿਰਫ਼ ਮੰਡੀ ਤੱਕ ਹੀ ਸੀਮਿਤ ਨਹੀਂ ਹਨ, ਆੜ੍ਹਤੀਏ ਦਹਾਕਿਆਂ ਤੋਂ ਵਿਸ਼ਵਾਸ ਦੇ ਰਿਸ਼ਤੇ ਦੇ ਆਧਾਰ ‘ਤੇ ਕਿਸਾਨਾਂ ਨੂੰ ਖੇਤੀ ਲਾਗਤ, ਕਰਜ਼ਾ, ਠੇਕੇ ਦੀ ਪੇਸ਼ਗੀ ਆਦਿ ਬਹੁਤ ਸਾਰੀਆਂ ਸੇਵਾਵਾਂ ਮਹੁੱਈਆ ਕਰਵਾਉਂਦੇ ਹਨ। ਪੰਜਾਬ ਦੀ ਅਰਥ-ਵਿਵਸਥਾ ਤੋਂ ਨਾ-ਸਮਝ ਕੇਂਦਰ ਸਰਕਾਰ ‘ਸਿੱਧੀ ਅਦਾਇਗੀ’ ਵਰਗਾ ਮਿੱਠਾ ਗੁੜ ਵਰਤ ਕੇ ਛਿਮਾਹੀ/ਸਾਲਾਨਾ ਜ਼ਮੀਨ ਦੇ ਠੇਕੇ ਲੈਣ-ਦੇਣ ਵਾਲੀ ਕਿਸਾਨੀ ਲਈ ਸਮੱਸਿਆਵਾਂ ਵਧਾ ਰਹੀ ਹੈ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਮੈਂ ਵਨ ਨੇਸ਼ਨ ਵਨ ਵਨ ਮਾਰਕੀਟ ਦੀਆਂ ਵੀ ਪੋਲਾਂ ਖੋਲ੍ਹ ਕੇ ਰੱਖ ਦਿਆਂਗਾ। ਉਨ੍ਹਾਂ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਇਕ ਮਾਰਕੀਟ, ਇੱਕ ਦੇਸ਼ ਤੋਂ ਵੱਡਾ ਕੋਈ ਝੂਠ ਨਹੀਂ ਹੈ। ਕੇਂਦਰ ਸਰਕਾਰ ਅੰਬਾਨੀ, ਅਡਾਨੀ ਨੂੰ ਸਿੱਧੇ ਰੂਪ ਵਿੱਚ ਪਰਮੋਟ ਕਰ ਰਹੀ ਹੈ। ਸਿੱਧੂ ਨੇ ਕਿਹਾ ਕਿ ਰੇਲਵੇ ਮੰਤਰੀ ਪਿਊਸ਼ ਗੋਇਲ ਦਾ ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਪੰਜਾਬ ਦੇ ਮਾਲੀਆ ਵਿਭਾਗ ਕੋਲ ਇੱਥੋਂ ਦੇ ਕਿਸਾਨਾਂ ਦੀ ਜ਼ਮੀਨ ਦੇ ਰਿਕਾਰਡ ਬਾਰੇ ਸਾਰੀ ਜਾਣਕਾਰੀ ਮੌਜੂਦ ਹੈ। ਮਾਲੀਆ ਵਿਭਾਗ ਕੋਲ ਸਿਰਫ਼ ਜ਼ਮੀਨ ਦੀ ਮਾਲਕੀਅਤ ਬਾਰੇ ਜਾਣਕਾਰੀ ਹੈ।

2012-13 ਦੇ ਰਾਸ਼ਟਰੀ ਸਾਂਪਲ ਸਰਵੇ ਅਨੁਸਾਰ ਪੰਜਾਬ ਦੀ ਕੁੱਲ ਖੇਤੀ ਵਿੱਚੋਂ 24 ਪ੍ਰਤੀਸ਼ਤ ਤੋਂ ਵੱਧ ਖੇਤੀ ਠੇਕੇ ਉੱਤੇ ਹੁੰਦੀ ਹੈ। ਇਹ ਠੇਕੇ ਆਮ ਤੌਰ ‘ਤੇ ਬਿਨਾਂ ਕਿਸੇ ਲਿਖਤ ਦੇ ਮੂੰਹ ਜ਼ੁਬਾਨੀ ਇੱਕ ਸਾਲ ਲਈ ਹੁੰਦੇ ਹਨ। ਬਹੁਤ ਸਾਰੇ ਆਰਥਿਕ-ਸਮਾਜਕ ਕਾਰਨਾਂ ਕਰਕੇ ਪਿਛਲੇ ਸਾਲਾਂ ਵਿੱਚ ਠੇਕੇ ਅਧੀਨ ਖੇਤੀ ਪਹਿਲਾਂ ਤੋਂ ਘਟੀ ਨਹੀਂ, ਸਗੋਂ ਵਧੀ ਹੈ। ਠੇਕੇ ਅਧੀਨ ਖੇਤੀ ਬਾਰੇ ਪੰਜਾਬ ਦੇ ਮਾਲੀਆ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਜੇ ਅੱਜ ਕਣਕ ਵੇਚਣ ਦੇ ਅਧਿਕਾਰ ਨੂੰ ਜ਼ਮੀਨ ਦੀ ਮਾਲਕੀਅਤ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ 24 ਪ੍ਰਤੀਸ਼ਤ ਤੋਂ ਵੱਧ ਕਿਸਾਨ ਆਪਣੀ ਬੀਜੀ, ਪਾਲੀ ਅਤੇ ਵੱਡੀ ਫ਼ਸਲ ਦੀ ਕੀਮਤ ਵਸੂਲਣ ਤੋਂ ਵਾਂਝੇ ਹੋ ਜਾਣਗੇ।