‘ਦ ਖ਼ਾਲਸ ਬਿਊਰੋ:- ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਪੰਡੋਰੀ ਗੋਲਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਜਿਥੇ ਕਰੀਬ 11 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ। ਜ਼ਹਿਰੀਲੀ ਸ਼ਰਾਬ ਦੇ ਇਸ ਕਹਿਰ ਤੋਂ ਬਾਅਦ ਸਾਰਾ ਪਿੰਡ ਸਦਮੇ ਵਿੱਚ ਹੈ।

ਸੁਖਪਾਲ ਸਿੰਘ ਖਹਿਰਾ ਨੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ ਅਤੇ ਸ਼ਰੇਆਮ ਡਰੰਮੀਆਂ ਵਿੱਚ ਸ਼ਰਾਬ ਭਰਕੇ ਲਿਆਂਦੀ ਜਾਂਦੀ ਹੈ ਪਰ ਪ੍ਰਸ਼ਾਸ਼ਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਸੁਖਪਾਲ ਖਹਿਰਾ ਨੇ ਕਿਹਾ ਨਾਜਾਇਜ਼ ਸ਼ਰਾਬ ਦਾ ਇਹ ਕਾਰੋਬਾਰ ਬਹੁਤ ਵੱਡੀ ਪੱਧਰ ਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਫ ਕੁਝ ਕੁ ਅਫਸਰਾਂ ਨੂੰ ਸਸਪੈਂਡ ਕਰਨਾ, ਇਹ ਇੱਕ ਨਾ-ਮਾਤਰ ਕਾਰਵਾਈ ਹੈ, ਅਜਿਹੇ ਐਕਸ਼ਨ ਨਾਲ ਮ੍ਰਿਤਕਾਂ ਦੀਆਂ ਜਾਨਾਂ ਵਾਪਸ ਨਹੀਂ ਆ ਸਕਦੀਆਂ। ਇਸ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੀ ਜਾਣੀ ਚਾਹੀਦੀ ਹੈ।

ਪਿੰਡ ਵਾਸੀਆਂ ਮੁਤਾਬਿਕ “ਨਸ਼ਿਆਂ ਦੀ ਇਸ ਗੰਦਗੀ ਨੂੰ ਸਾਫ ਕਰਨ ਵਾਸਤੇ ਪਿੰਡ ਪੱਧਰ ‘ਤੇ ਕਮੇਟੀ ਵੀ ਬਣਾਈ ਗਈ ਸੀ, ਪਰ ਪ੍ਰਸਾਸ਼ਨ ਵੱਲੋਂ 5-7 ਚਿੱਟਾ ਵੇਚਣ ਵਾਲਿਆਂ ਨੂੰ ਚੁੱਕਣ ਦੀ ਬਜਾਏ ਸਾਨੂੰ ਡਰਾਇਆ-ਧਮਕਾਇਆ ਗਿਆ ਸੀ”। ਪਿੰਡ ਵਾਸੀਆਂ ਨੇ ਪੰਜਾਬ ਦੀਆਂ ਸਰਕਾਰਾਂ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ “ਕੈਪਟਨ ਸਰਕਾਰ ਸ਼ਰਾਬ ਵੇਚ ਰਹੀ ਹੈ ਅਤੇ ਅਕਾਲੀ ਦਲ ਵਾਲੇ ਚਿੱਟਾ ਵੇਚ ਰਹੇ ਹਨ, ਇਹ ਦੋਵੇਂ ਹੀ ਪੰਜਾਬ ਨੂੰ ਖਤਮ ਕਰ ਰਹੇ ਹਨ”।

ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ “ਸ਼ਰਾਬ ਮਾਫੀਆ ਖਿਲਾਫ ਪੁਖਤਾ ਕਾਰਵਾਈ ਕੀਤੀ ਜਾਵੇ ਅਤੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਮੱਦਦ ਲਈ 2-2 ਲੱਖ ਰੁਪਏ ਦਾ ਐਲਾਨ ਮਹਿਜ ਇੱਕ ਕੋਖਾ ਮਜਾਕ ਹੈ”।

Leave a Reply

Your email address will not be published. Required fields are marked *