International

ਮਾਲੀ ਦੇ ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਪ੍ਰਦਸ਼ਰਕਾਰੀਆਂ ਵੱਲੋਂ ਘਿਰਾਓ, ਅਹੁਦੇ ਤੋਂ ਅਸਤੀਫਾ ਦੇਣ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ :- ਪੱਛਮੀ ਅਫਰੀਕਾ ਦੇ ਦੇਸ਼ ਮਾਲੀ ਦੀ ਰਾਜਧਾਨੀ ਬਮਾਕੋ ‘ਚ ਰਾਸ਼ਟਰਪਤੀ ਬਾਉਬੇਕਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈਕੇ ਕਈ ਮਹੀਨੇ ਤੋਂ ਚੱਲ ਰਹੇ ਪ੍ਰਦਰਸ਼ਨ ਤੋਂ ਬਾਅਦ ਕੱਲ 18 ਅਗਸਤ ਨੂੰ ਵਿਦਰੋਹੀਆਂ ਨੇ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ। ਜਿਸ ਤੋਂ ਬਾਅਦ ਤਖ਼ਤਾਪਲਟ ਦੀਆਂ ਕੋਸ਼ਿਸ਼ਾਂ ਤਹਿਤ ਕੁੱਝ ਫੌਜੀਆਂ ਨੇ ਹਵਾ ‘ਚ ਗੋਲੀਬਾਰੀ ਕਰਦਿਆਂ ਪ੍ਰਧਾਨ ਮੰਤਰੀ ਨੂੰ ਵੀ ਬੰਧਕ ਬਣਾ ਲਿਆ।

ਬਮਾਕੋ ਦੀਆਂ ਸੜਕਾਂ ‘ਤੇ ਫੌਜੀ ਇਸ ਤਰ੍ਹਾਂ ਘੁੰਮੇ ਸਨ, ਜਿਸ ਨੂੰ ਵੇਖ ਇਹ ਸਪਸ਼ਟ ਹੋ ਰਿਹਾ ਸੀ, ਕਿ ਰਾਜਧਾਨੀ ਬਮਾਕੋ ‘ਤੇ ਉਨ੍ਹਾਂ ਦਾ ਹੀ ਰਾਜ ਹੈ। ਫਿਲਹਾਲ ਫੌਜ ਵੱਲੋਂ ਤਤਕਾਲ ਕੋਈ ਬਿਆਨ ਦਿੱਤਾ ਨਹੀਂ ਗਿਆ ਹੈ। ਇਸ ਸਬੰਧੀ ਇੱਕ ਸਰਕਾਰੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬੰਧਕ ਬਣਾ ਲਿਆ।

ਮਾਲੀ ‘ਚ ਸਿਆਸੀ ਸੰਕਟ ਅਚਾਨਕ ਵੱਧ ਗਿਆ ਹੈ। ਜਿਸ ਵਿੱਚ ਅਮਰੀਕਾ ਤੇ ਫਰਾਂਸ ਨੇ ਦੇਸ਼ ‘ਚ ਸਥਿਰਤਾ ਦਾ ਮਾਹੌਲ ਬਣਾਉਣ ਦੇ ਯਤਨਾਂ ‘ਚ ਸੱਤ ਸਾਲ ਤੋਂ ਜ਼ਿਆਦਾ ਸਮਾਂ ਲਾਇਆ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਫੌਜ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ, ਅਤੇ ਦੱਸਿਆ ਉਨ੍ਹਾਂ ਇੱਕ ਇਮਾਰਤ ਨੂੰ ਵੀ ਅੱਗ ਲਾ ਦਿੱਤੀ ਗਈ ਜੋ ਮਾਲੀ ਦੇ ਨਿਆਂ ਮੰਤਰੀ ਨਾਲ ਸਬੰਧਤ ਸੀ।

ਇਸ ਪ੍ਰਦਸ਼ਰਨ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਬੌਬਿਊ ਸਿੱਸੇ ਵੱਲੋਂ ਫੌਜ ਨੂੰ ਹਥਿਆਰ ਸੁੱਟਣ ਦੀ ਅਪੀਲ ਕੀਤੀ ਗਈ ਹੈ, ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦੇਸ਼ ਹਿੱਤ ‘ਚ ਸੋਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਸ ਦਾ ਹੱਲ ਗੱਲਬਾਤ ਜ਼ਰੀਏ ਨਹੀਂ ਕੀਤਾ ਜਾ ਸਕਦਾ ਹੋਵੇ। ਇਸ ਤੋਂ ਇੱਕ ਦਿਨ ਪਹਿਲਾਂ ਹਥਿਆਰਬੰਦ ਲੋਕਾਂ ਨੇ ਦੇਸ਼ ਦੇ ਵਿੱਤ ਮੰਤਰੀ ਅਬਦੁਲਾਏ ਦਫੇ ਸਮੇਤ ਅਧਿਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਤੇ ਇਸ ਤੋਂ ਬਾਅਦ ਸਰਕਾਰੀ ਕਰਮਚਾਰੀ ਆਪਣੇ ਦਫ਼ਤਰਾਂ ‘ਚੋਂ ਭੱਜ ਗਏ।

ਮਾਲੀ ਦੇ ਰਾਸ਼ਟਰਪਤੀ ਨੂੰ ਲੋਕਤੰਤਰਿਕ ਤਰੀਕੇ ਨਾਲ ਚੁਣਿਆ ਗਿਆ ਸੀ ਤੇ ਉਨ੍ਹਾਂ ਨੂੰ ਫਰਾਂਸ ਤੇ ਹੋਰ ਪੱਛਮੀ ਸਹਿਯੋਗੀਆਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੈ। ਇਸ ਦਰਮਿਆਨ ਅਮਰੀਕਾ ਨੇ ਕਿਹਾ ਕਿ ਉਹ ਮਾਲੀ ‘ਚ ਵਿਗੜਦੀ ਸਥਿਤੀ ਨੂੰ ਲੈਕੇ ਚਿੰਤਤ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਵਿਸ਼ੇਸ਼ ਦੂਤ ਜੇ ਪੀਟਰ ਫਾਮ ਨੇ ਟਵੀਟ ਕੀਤਾ, ‘ਅਮਰੀਕਾ ਸਰਕਾਰ ਸਾਰੇ ਅਸੰਵਿਧਾਨਕ ਪਰਿਵਰਤਨਾਂ ਦੇ ਵਿਰੋਧ ‘ਚ ਹੈ ਬੇਸ਼ੱਕ ਉਹ ਸੜਕਾਂ ‘ਤੇ ਹੋਵੇ ਜਾਂ ਸੁਰੱਖਿਆ ਬਲਾਂ ਨੇ ਕੀਤਾ ਹੋਵੇ।’