Khaas Lekh Religion

”ਜੇ ਮੇਰਾ ਨਲੂਆ ਸਰਦਾਰ ਜਿਊਂਦਾ ਹੁੰਦਾ, ਤਾਂ 1 ਦਿਨ ‘ਚ ਇਹਨਾਂ ਇਲਾਕਿਆਂ ਨੂੰ ਜਿੱਤ ਲੈਂਦਾ-ਮਹਾਰਾਜਾ ਰਣਜੀਤ ਸਿੰਘ” ਸ਼ਹੀਦੀ ‘ਤੇ ਵਿਸ਼ੇਸ਼

‘ਦ ਖ਼ਾਲਸ ਟੀਵੀ :-  ਸਿੱਖ ਰਾਜ ਦੇ ਥੰਮ੍ਹ ਅਤੇ ਅਦੁੱਤੀ ਜਰਨੈਲ ਸ.ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦਾ ਹੈ। 30 ਅਪ੍ਰੈਲ 1837 ਨੂੰ ਸ.ਹਰੀ ਸਿੰਘ ਨਲੂਆ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਸਰਦਾਰ ਹਰੀ ਸਿੰਘ ਨਲੂਆ ਦੀ ਇਹ ਉਹ ਸ਼ਹਾਦਤ ਹੈ ਜਿਸ ਸ਼ਹਾਦਤ ਦੀ ਖ਼ਬਰ ਜਦੋਂ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਵਿੱਚ ਮਿਲੀ ਸੀ ਤਾਂ ਉਨ੍ਹਾਂ ਨੇ ਅੱਖਾਂ ‘ਚ ਹੰਝੂ ਭਰ ਕੇ ਇਹ ਗੱਲ ਕਹੀ ਸੀ ਕਿ ਜੇ ਅੱਜ ਮੇਰਾ ਅੱਧਾ ਰਾਜ ਚਲਾ ਜਾਂਦਾ ਤਾਂ ਮੈਨੂੰ ਕੋਈ ਦੁੱਖ ਨਹੀਂ ਸੀ ਹੋਣਾ ਪਰ ਜੇ ਮੇਰੇ ਕੋਲ ਹਰੀ ਸਿੰਘ ਨਲੂਆ ਜਿਊਂਦਾ ਹੁੰਦਾ ਤਾਂ ਮੈਂ ਉਸ ਅੱਧੇ ਰਾਜ ਨੂੰ ਇੱਕ ਦਿਨ ਵਿੱਚ ਲੈ ਲੈਣਾ ਸੀ ਪਰ ਅੱਜ ਮੇਰੇ ਕੋਲੋਂ ਹਰੀ ਸਿੰਘ ਨਲੂਆ ਚਲਾ ਗਿਆ ਹੈ ਤੇ ਜਿਹੜੇ ਇਲਾਕੇ ਉਸਨੇ ਜਿੱਤੇ ਹਨ,ਉਹ ਮੈਂ ਉਸ ਤੋਂ ਬਿਨਾਂ ਜਿੱਤ ਹੀ ਨਹੀਂ ਸੀ ਸਕਦਾ। ਇਨ੍ਹਾਂ ਸ਼ਬਦਾਂ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਸ. ਹਰੀ ਸਿੰਘ ਨਲੂਆ ਦੀ ਸਿੱਖ ਰਾਜ ਵਿੱਚ ਅਹਿਮੀਅਤ ਤੇ ਸਿੱਖ ਰਾਜ ਦੀਆਂ ਹੱਦਾਂ ਨੂੰ ਫੈਲਾਉਣ ਵਿੱਚ ਕਿੰਨਾ ਵੱਡਾ ਯੋਗਦਾਨ ਸੀ।

ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇਸ ਅਣਖੀਲੇ ਜਰਨੈਲ ਦਾ ਜਨਮ 1791 ਈ: ਵਿੱਚ ਗੁਜਰਾਂਵਾਲਾ ਨਿਵਾਸੀ ਸ: ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਬੀਬੀ ਧਰਮ ਕੌਰ ਦੀ ਕੁੱਖ ਤੋਂ ਹੋਇਆ। ਸ: ਹਰੀ ਸਿੰਘ ਦੇ ਦਾਦਾ ਸ: ਹਰਦਾਸ ਸਿੰਘ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਹੋਏ 1762 ਈ: ਵਿੱਚ ਸ਼ਹੀਦ ਹੋਏ ਸੀ। ਇਨ੍ਹਾਂ ਦੇ ਪਿਤਾ ਸ: ਗੁਰਦਿਆਲ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀਆਂ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਵੱਡਾ ਯੋਗਦਾਨ ਪਾਇਆ ਸੀ। ਇਸ ਪ੍ਰਕਾਰ ਸ: ਹਰੀ ਸਿੰਘ ਨੂੰ ਬਹਾਦਰੀ ਅਤੇ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲੀ ਸੀ। ਜਦੋਂ ਆਪ ਅਜੇ 7 ਕੁ ਸਾਲ ਦੇ ਹੀ ਸਨ ਤਾਂ ਆਪ ਜੀ ਦੇ ਪਿਤਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿਚ ਜਾ ਬਿਰਾਜੇ। ਆਪ ਜੀ ਨੇ ਬਚਪਨ ਦੇ ਸਾਲ ਆਪਣੇ ਮਾਮਾ ਜੀ ਕੋਲ ਰਹਿ ਕੇ ਬਤੀਤ ਕੀਤੇ।

ਘੋੜਸਵਾਰੀ ਅਤੇ ਸ਼ਸਤਰ-ਵਿੱਦਿਆ ਦਾ ਸ਼ੌਕ ਆਪ ਨੂੰ ਵਿਰਸੇ ਵਿੱਚੋਂ ਹੀ ਮਿਲਿਆ ਸੀ। 1805 ਈ: ਵਿਚ 15 ਸਾਲ ਦੇ ਇਸ ਮੁੱਛ-ਫੁੱਟ ਗੱਭਰੂ ਨੂੰ ਲਾਹੌਰ ਵਿਖੇ ਬਸੰਤ ਦਰਬਾਰ ਵਿਚ ਆਪਣੇ ਕਰਤੱਵ ਵਿਖਾਉਣ ਦਾ ਮੌਕਾ ਮਿਲਿਆ, ਜਦੋਂ ਸ: ਹਰੀ ਸਿੰਘ ਨੇ ਇਕ ਨਿਪੁੰਨ ਸੂਰਬੀਰ ਯੋਧੇ ਵਜੋਂ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਏ ਤਾਂ ਮਹਾਰਾਜਾ ਸਾਹਿਬ ਨੇ ਸ: ਹਰੀ ਸਿੰਘ ਨੂੰ ਛਾਤੀ ਨਾਲ ਲਾ ਕੇ ਇਕ ਕੈਂਠਾ ਪਹਿਨਾਇਆ। ਉਨ੍ਹਾਂ ਨੇ ਹਰੀ ਸਿੰਘ ਨੂੰ ਆਪਣੇ ਖਾਸ ਤੇ ਵਿਸ਼ੇਸ਼ ਫੌਜੀ ਦਸਤੇ ਵਿਚ ਸ਼ਾਮਿਲ ਕਰ ਲਿਆ। ਸ: ਹਰੀ ਸਿੰਘ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਸ਼ੇਰ ਦਾ ਸ਼ਿਕਾਰ ਕਰਨ ਗਏ। ਸ: ਹਰੀ ਸਿੰਘ ਨੇ ਬੜੀ ਫੁਰਤੀ ਨਾਲ ਇਕ ਸ਼ੇਰ ਦਾ ਸ਼ਿਕਾਰ ਕੀਤਾ। ਇਸ ਬਹਾਦਰੀ ਨੂੰ ਦੇਖ ਕੇ ਮਹਾਰਾਜਾ ਸਾਹਿਬ ਨੇ ਇਨ੍ਹਾਂ ਨੂੰ ‘ਨਲ’ ਦਾ ਖਿਤਾਬ ਦਿੱਤਾ, ਕਿਉਂਕਿ ਜਿਸ ਨਿਡਰਤਾ ਨਾਲ ‘ਰਾਜਾ ਨਲ’ ਸ਼ੇਰ ਦਾ ਸ਼ਿਕਾਰ ਕਰਦਾ ਸੀ, ਉਸੇ ਤਰ੍ਹਾਂ ਹੀ ਸ: ਹਰੀ ਸਿੰਘ ਨੇ ਸ਼ੇਰ ਨੂੰ ਪਾਰ ਬੁਲਾਇਆ ਸੀ। ਇਸ ਤੋਂ ਪਿੱਛੋਂ ‘ਨਲ’ ਸ਼ਬਦ ‘ਨਲਵਾ’ ਜਾਂ ‘ਨਲੂਆ’ ਵਿਚ ਬਦਲ ਗਿਆ। ਇਸ ਤੋਂ ਬਾਅਦ ਵੱਖ-ਵੱਖ ਸਮੇਂ ਸ: ਹਰੀ ਸਿੰਘ ਨਲੂਆ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾ ਕੇ ਬਾਕੀ ਬਹਾਦਰ ਸਾਥੀਆਂ ਨੂੰ ਮੂੰਹ ਵਿਚ ਉਂਗਲਾਂ ਲੈਣ ਲਈ ਮਜਬੂਰ ਕੀਤਾ।

ਹਰੀ ਸਿੰਘ ਨਲੂਆ ਨੇ 1807 ਈ: ਵਿਚ ਕਸੂਰ ਦੀ ਫਤਹਿ ਸਮੇਂ ਅਤੇ 1810 ਈ: ਵਿਚ ਸਿਆਲਕੋਟ ਦੇ ਯੁੱਧ ਸਮੇਂ ਯੁੱਧ ਕਲਾ ਦੇ ਜੌਹਰ ਵਿਖਾਏ। ਇਸੇ ਸਾਲ ਮੁਲਤਾਨ ਦੀ ਲੜਾਈ ਸਮੇਂ ਸਰੀਰ ਉੱਪਰ ਡੂੰਘੇ ਜ਼ਖਮ ਵੀ ਲੱਗੇ। ਉਨ੍ਹਾਂ ਨੇ 1813 ਈ: ਵਿਚ ਹਜ਼ਰੋ ਵਿਖੇ ਪਠਾਣਾਂ ਨਾਲ ਵੀ ਯੁੱਧ ਕੀਤਾ। 1815 ਈ: ਨੂੰ ਹਰੀ ਸਿੰਘ ਨਲੂਆ ਨੇ ਕਸ਼ਮੀਰ ਦੇ ਅਰਧ-ਪਹਾੜੀ ਇਲਾਕਿਆਂ ‘ਤੇ ਫਤਹਿ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਪੂਰਾ ਕਸ਼ਮੀਰ ਉਨ੍ਹਾਂ ਕਬਜ਼ੇ ਵਿਚ ਕਰ ਲਿਆ। ਇਸ ਲੜਾਈ ਨੂੰ ਫਤਹਿ ਕਰਨ ਪਿੱਛੋਂ ਮਹਾਰਾਜੇ ਨੇ ਸ: ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। ਹਰੀ ਸਿੰਘ ਨਲੂਆ ਨੇ 1821 ਈ: ਵਿਚ ਹਜ਼ਾਰਾਂ ਖੇਤਰ ਦੇ ਅਫ਼ਗਾਨਾਂ ਦੇ ਇਲਾਕੇ ਨੂੰ ਪੱਕੇ ਤੌਰ ‘ਤੇ ਜਿੱਤ ਲਿਆ। ਇਥੋਂ ਦਾ ਗਵਰਨਰ ਵੀ ਸ: ਨਲੂਆ ਨੂੰ ਹੀ ਬਣਾਇਆ ਗਿਆ। ਉਨ੍ਹਾਂ ਨੇ ਆਪਣੇ ਨਾਂਅ ‘ਤੇ ਹੀ ‘ਹਰੀਪੁਰ’ ਨਗਰ ਵਸਾਇਆ। ਇਸ ਤੋਂ ਪਿੱਛੋਂ ਉਨ੍ਹਾਂ ਨੇ ਅਟਕ ਦਰਿਆ ਤੋਂ ਪਾਰ ਦੇ ਇਲਾਕੇ ਵਿਚ ਆਪਣੀ ਧਾਂਕ ਜਮਾਈ। ਆਪਣੀ ਬਹਾਦਰੀ ਨਾਲ ਇਸ ਇਲਾਕੇ ‘ਤੇ ਵੀ ਅਧਿਕਾਰ ਪੱਕਾ ਕੀਤਾ। ਉਨ੍ਹਾਂ ਨੇ 1834 ਈ: ਵਿਚ ਪਿਸ਼ਾਵਰ ਨੂੰ ਜਿੱਤ ਕੇ ਸਿੱਖ ਰਾਜ ਦਾ ਝੰਡਾ ਲਹਿਰਾਇਆ। ਇੱਥੋਂ ਦਾ ਗਵਰਨਰ ਵੀ ਸ:ਹਰੀ ਸਿੰਘ ਨਲੂਆ ਨੂੰ ਹੀ ਬਣਾਇਆ ਗਿਆ। ਪਿਸ਼ਾਵਰ ਦੇ ਇਲਾਕੇ ਦੇ ਪਠਾਣ ਬੜੇ ਅੜਬ ਸੁਭਾਅ ਦੇ ਮਾਲਕ ਸਨ। ਇਨ੍ਹਾਂ ਪਠਾਣਾਂ ਨੇ ਵੀ ਆਖਿਰ ਸ: ਹਰੀ ਸਿੰਘ ਨਲੂਆ ਦੀ ਈਨ ਮੰਨੀ। ਨਲੂਆ ਦਾ ਨਾਂਅ ਸੁਣ ਕੇ ਪਠਾਣ ਲੋਕ ਭੱਜ ਜਾਂਦੇ ਸਨ।

1837 ਈ: ਵਿਚ ਦੋਸਤ ਮੁਹੰਮਦ ਖਾਨ ਨੇ ਸਿੱਖਾਂ ਵਿਰੁੱਧ ਜਹਾਦ ਖੜ੍ਹਾ ਕਰਨ ਦਾ ਨਾਅਰਾ ਦਿੱਤਾ। ਉਸ ਨੇ ਜਮਰੌਦ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੀ ਅਗਵਾਈ ਉਸ ਦਾ ਲੜਕਾ ਅਕਬਰ ਖਾਨ ਕਰ ਰਿਹਾ ਸੀ। ਸਿੱਖ ਫੌਜਾਂ ਦੀ ਅਗਵਾਈ ਸ: ਹਰੀ ਸਿੰਘ ਨਲੂਆ ਕਰ ਰਹੇ ਸੀ। ਇਸ ਯੁੱਧ ਵਿਚ ਸ: ਨਲੂਆ ਨੇ ਲਾਸਾਨੀ ਯੁੱਧ ਕਲਾ ਵਿਖਾਈ ਅਤੇ ਅਫ਼ਗਾਨੀਆਂ ਦੀ ਹਾਰ ਹੋਈ। ਸਿੱਖਾਂ ਨੇ ਉਨ੍ਹਾਂ ਤੋਂ 14 ਵੱਡੀਆਂ ਤੋਪਾਂ ਖੋਹ ਲਈਆਂ। ਜਿੱਤ ਹੋਣ ਤੋਂ ਬਾਅਦ ਜਦੋਂ ਸਿੱਖ ਫੌਜ ਵਾਪਸ ਮੁੜ ਰਹੀ ਸੀ ਤਾਂ ਪਹਾੜੀ ਗੁਫ਼ਾ ਵਿੱਚ ਲੁਕੇ ਕੁੱਝ ਪਠਾਣਾਂ ਨੇ ਸ: ਹਰੀ ਸਿੰਘ ਨਲੂਆ ਉੱਪਰ ਗੋਲੀਆਂ ਦੀ ਬੁਛਾੜ ਕੀਤੀ। ਇਕ ਗੋਲੀ ਸ: ਨਲੂਆ ਦੀ ਛਾਤੀ ਵਿੱਚ, ਦੂਜੀ ਵੱਖੀ ਵਿੱਚ ਲੱਗੀ। ਜ਼ਖਮੀ ਯੋਧੇ ਨੇ ਆਪਣੇ ਘੋੜੇ ਨੂੰ ਜਮਰੌਦ ਦੇ ਕਿਲ੍ਹੇ ਵੱਲ ਮੋੜ ਲਿਆ। ਆਪਣਾ ਅੰਤ ਸਮਾਂ ਨੇੜੇ ਵੇਖਦਿਆਂ ਉਨ੍ਹਾਂ ਕਿਹਾ ਕਿ ਮੇਰੀ ਸ਼ਹਾਦਤ ਨੂੰ ਉਦੋਂ ਤੱਕ ਜੱਗ ਜ਼ਾਹਰ ਨਾ ਕੀਤਾ ਜਾਵੇ, ਜਦੋਂ ਤੱਕ ਸ਼ੇਰ-ਏ-ਪੰਜਾਬ ਫੌਜਾਂ ਸਮੇਤ ਕਿਲ੍ਹੇ ਵਿੱਚ ਨਹੀਂ ਪਹੁੰਚ ਜਾਂਦੇ। ਇਹ ਡਿਊਟੀ ਉਨ੍ਹਾਂ ਕਿਲ੍ਹੇਦਾਰ ਸ: ਮਹਾਂ ਸਿੰਘ ਦੀ ਲਾਈ। ਇਸ ਤਰ੍ਹਾਂ ਸਿੱਖ ਰਾਜ ਦੀਆਂ ਹੱਦਾਂ ਨੂੰ ਵਧਾਉਂਦਿਆਂ 30 ਅਪ੍ਰੈਲ, 1837 ਈ: ਨੂੰ ਕੌਮ ਦੇ ਇਸ ਮਹਾਨ ਜਰਨੈਲ ਸ: ਹਰੀ ਸਿੰਘ ਨਲੂਆ ਨੇ ਸ਼ਹਾਦਤ ਦਾ ਜਾਮ ਪੀਤਾ। ਮਹਾਰਾਜੇ ਨੇ ਮਹਿਸੂਸ ਕੀਤਾ ਕਿ ਸਿੱਖ ਰਾਜ ਦਾ ਇਕ ਵੱਡਾ ਥੰਮ੍ਹ ਅੱਜ ਡਿੱਗ ਗਿਆ ਹੈ। ਜਦੋਂ ਸ: ਹਰੀ ਸਿੰਘ ਨਲੂਆ ਨੇ ਸ਼ਹਾਦਤ ਪ੍ਰਾਪਤ ਕੀਤੀ, ਉਸ ਸਮੇਂ ਉਹ 3,67,000 ਰੁਪਏ ਸਾਲਾਨਾ ਜਗੀਰ ਦਾ ਮਾਲਕ ਸੀ। ਅੱਜ ਵੀ ਇਸ ਮਹਾਨ ਜਰਨੈਲ ਨੂੰ ਸਮੁੱਚੇ ਵਿਸ਼ਵ ਵਿਚ ਵਸਣ ਵਾਲਾ ਹਰ ਸਿੱਖ ਸਤਿਕਾਰ ਤੇ ਸ਼ਰਧਾ ਨਾਲ ਯਾਦ ਕਰਦਾ ਹੈ। ਸਮੁੱਚੇ ਵਿਸ਼ਵ ਦੀਆਂ ਸੈਨਾਵਾਂ ਦੇ ਜਰਨੈਲ ਤੇ ਯੋਧੇ ਸ: ਨਲੂਆ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ।

Comments are closed.