’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨ ਦੇ ਵਿਰੁੱਧ ਹਾਲੇ ਤਕ ਜੰਗ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਵਾਪਿਸ ਨਹੀਂ ਲੈਂਦੀ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਵਿੱਚ ਵਿਰੋਧੀ ਦਲ ਦੀ ਭੂਮਿਕਾ ਨਿਭਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਹੱਕ ਵਿੱਚ ਖੜਾ ਹੈ। ਕਿਸਾਨਾਂ ਦੇ ਸੰਘਰਸ਼ ਵਿੱਚ ਹਿੱਸਾ ਪਾਉਂਦਿਆਂ ਬੀਤੇ ਕੱਲ੍ਹ ਸਾਬਕਾ ਕੇਂਦਰੀ ਮੰਤਰੀ ਹਸਮਿਰਤ ਕੌਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਪਟਿਆਲਾ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਮਾਰਚ ਦੀ ਸ਼ੁਰੂਆਤ ਤਿੰਨ ਤਖ਼ਤਾਂ ਅਕਾਲ ਤਖ਼ਤ, ਕੇਸਗੜ੍ਹ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਨਾਲ ਕੀਤੀ ਗਈ। ਫਿਰ ਮਾਰਚ ਤਲਵੰਡੀ ਸਾਬੋਂ ਤੋਂ ਮੌੜ, ਬਰਨਾਲਾ, ਸੰਗਰੂਰ, ਪਟਿਆਲਾ ਹੁੰਦੇ ਹੋਏ ਚੰਡੀਗੜ੍ਹ ਪੁੱਜਾ ਜਿੱਥੇ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਯਾਦ ਰਹੇ ਇਸ ਟਰੈਕਟਰ ਮਾਰਚ ਤੋਂ ਪਹਿਲਾਂ ਅਕਾਲੀ ਦਲ ਨੇ ਹਰਸਿਮਰਤ ਕੌਰ ਕੋਲੋਂ ਅਸਤੀਫ਼ਾ ਦਿਵਾ ਕੇ ਮੋਦੀ ਸਰਕਾਰ ਦੀ ਵਜ਼ੀਰੀ ਛੁਡਵਾਈ ਤੇ ਫਿਰ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਨਾਲੋਂ ਗਠਜੋੜ ਵੀ ਤੋੜ ਦਿੱਤਾ। ਹਾਲਾਂਕਿ ਅਕਾਲੀਆਂ ਦੇ ਕਿਸਾਨਾਂ ਪ੍ਰਤੀ ਜਾਗ ਰਹੇ ਇਸ ਹੇਜ ਨੂੰ ‘ਡਰਾਮਾ’ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਬਾਦਲਾਂ ਦੇ ਖੇਤੀ ਕਾਨੂੰਨ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਨੂੰ ਸਿਆਸੀ ਮਾਇਨੇ ਦੇ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਅਕਾਲੀ ਦਲ ’ਤੇ ਕਿਸਾਨਾਂ ਦੇ ਸ਼ੰਘਰਸ਼ ਵਿੱਚ ਸਿਆਸੀ ਰੋਟੀਆਂ ਸੇਕਣ ਦੇ ਇਲਜ਼ਾਮ ਲੱਗ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਪ੍ਰਦਰਸ਼ਨ ਕਿਸਾਨਾਂ ਦੇ ਹੱਕ ਵਿੱਚ ਕਿਸਾਨਾਂ ਲਈ ਹੈ ਤਾਂ ਪਾਰਟੀ ਦੀਆਂ ਰੈਲੀਆਂ ਵਿੱਚ ਅਕਾਲੀ ਲੀਡਰਾਂ ਦੀਆਂ ਫੋਟੋਆਂ, ਬੈਨਰ ਤੇ ਪੋਸਟਰ ਕਿਉਂ ਲਾਏ ਜਾਂਦੇ ਹਨ, ਅਤੇ ਅਕਾਲੀ ਦਲ ਆਪਣੀ ਪਾਰਟੀ ਦੇ ਝੰਡੇ ਕਿਉਂ ਝੁਲਾਉਂਦਾ ਹੈ, ਜਦਕਿ ਕਿਸਾਨਾਂ ਦਾ ਆਪਣਾ ਝੰਡਾ ਵੀ ਹੈ।

ਕਿਸਾਨ ਜਥੇਬੰਦੀਆਂ ਦਾ ‘ਰੇਲ-ਰੋਕੋ’ ਸੰਘਰਸ਼

ਦੂਜੇ ਪਾਸੇ ਬੀਤੇ ਕੱਲ੍ਹ ਪਹਿਲੀ ਅਕਤੂਬਰ ਨੂੰ ਸੰਗਰੂਰ ਅਤੇ ਬਰਨਾਲਾ ਦੀਆਂ 31 ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨ ਵਿਰੁੱਧ ਸੰਗਰੂਰ ਰੇਲਵੇ ਸਟੇਸ਼ਨ ‘ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਪਟਿਆਲਾ-ਨਾਭਾ ਰੇਲਵੇ ਟਰੈਕ ’ਤੇ ਸਥਿਤ ਧਬਲਾਨ ਰੇਲਵੇ ਸਟੇਸ਼ਨ ’ਤੇ ਵੀ ਪੱਕਾ ਮੋਰਚਾ ਲਗਾਇਆ ਗਿਆ। ਉੱਧਰ ਸ਼ੰਭੂ ਵਿੱਚ ਵੀ ਰੇਲ ਮਾਰਗ ’ਤੇ ਇੱਕ ਧਰਨਾ ਲਾਇਆ ਗਿਆ ਹੈ। ਸ਼ੰਭੂ ਬੈਰੀਅਰ ’ਤੇ ਬੈਠੇ ਕਿਸਾਨਾਂ ਨੇ ਇਹ ਧਿਆਨ ਰੱਖਿਆ ਕਿ ਆਉਣ-ਜਾਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਪਾਤੜਾਂ ਅਧੀਨ ਪੈਂਦੇ ਨਿਆਲ ਵਿੱਚ ਕਿਸਾਨਾਂ ਨੇ ਰਿਲਾਇੰਸ ਦੇ ਪੈਟਰੋਲ ਪੰਪ ਨੂੰ ਘੇਰ ਲਿਆ, ਜਦਕਿ ਨਾਭਾ ਵਿੱਚ ਕਾਂਗਰਸ ਵਰਕਰਾਂ ਨੇ ਵੀ ਰਿਲਾਇੰਸ ਪੈਟਰੋਲ ਪੰਪ ਨੂੰ ਘੇਰਾ ਪਾਇਆ।

ਹਰਸਿਮਰਤ ਕੌਰ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ

ਟਰੈਕਟਰ ਮਾਰਚ ਤੋਂ ਪਹਿਲਾਂ ਹਰਸਿਮਰਤ ਕੌਰ ਨੇ ਤਿੰਨ ਤਖ਼ਤਾਂ ’ਤੇ ਮੱਥਾ ਟੇਕਿਆ ਅਤੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਆ ਸ਼ੇਅਰ ਕਰਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਮਾਰਚ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਵਾਸਤੇ, ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆੜ੍ਹਤੀਆਂ ਵਾਸਤੇ ਪਹਿਲੀ ਅਕਤੂਬਰ ਤੋਂ ਸੰਘਰਸ਼ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਬੇਨਤੀ ਕੀਤੀ ਕਿ ਅੱਜ ਆਪਣੇ ਘਰਾਂ ’ਚ ਰਹਿਣ ਦਾ ਸਮਾਂ ਨਹੀਂ, ਅੱਜ ਚੰਡੀਗੜ੍ਹ ਵਿੱਚ ਦਿੱਲੀ ਦੇ ਤਖ਼ਤਾਂ ਨੂੰ ਦੱਸਣਾ ਹੈ ਕਿ ਜਦ ਪੰਜਾਬ ਦੇ ਲੋਕ ਸੰਘਰਸ਼ ਵਾਸਤੇ ਉੱਤਰਦੇ ਹਨ ਤਾਂ ਹੁਣ ਵੀ ਸਮਾਂ ਹੈ, ਸੁਚੇਤ ਹੋ ਜਾਓ, ਸਾਨੂੰ ਨਿਆਂ ਦਿਓ, ਨਹੀਂ ਤਾਂ ਜਦ ਦਿੱਲੀ ਵੱਲ ਚੱਲ ਪਵਾਂਗੇ ਤਾਂ ਵਾਪਿਸ ਮੁੜਨ ਦਾ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੋਏਗਾ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਘਰ ’ਚ ਨਾ ਰਹੇ, ਉਹ ਪੰਜਾਬ ਦੇ ਭਵਿੱਖ ਤੇ ਤੁਹਾਡੇ ਬੱਚਿਆਂ ਦੀ ਗੱਲ ਹੈ।

ਟਰੈਕਟਰ ਮਾਰਚ ਦੇ ਕਾਫਲੇ ਵਿੱਚ ਹਰਸਿਮਰਤਕੌਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਗੋਬਿਦ ਸਿੰਘ ਲੌਂਗੋਵਾਲ ਸਮੇਤ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਰਹੇ। ਇਹ ਟਰੈਕਟਰ ਮਾਰਚ ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਅਤੇ ਪਟਿਆਲਾ-ਸੰਗਰੂਰ ਰੋਡ ’ਤੇ ਮਹਿਮਦਪੁਰ ਅਨਾਜ ਮੰਡੀ ਵਿੱਚ ਰੁਕਿਆ। ਇਥੋਂ ਟਰੈਕਟਰਾਂ ਦਾ ਇਹ ਮਾਰਚ ਦੱਖਣੀ ਬਾਈਪਾਸ ਰਾਹੀਂ ਹੁੰਦਾ ਹੋਇਆ ਅਰਬਨ ਅਸਟੇਟ ਪਹੁੰਚਿਆ ਅਤੇ ਉੱਥੋਂ ਅੱਗੇ ਵਧਿਆ।

‘ਅਕਾਲੀ ਦਲ ਇਕਲੌਤੀ ਹੈ ਕਿਸਾਨ ਹਿਤੈਸ਼ੀ ਪਾਰਟੀ’

ਮਾਰਚ ਦੌਰਾਨ ਹਰਸਮਿਰਤ ਕੌਰ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹੀ ਦੇਸ਼ ਦੀ ਇੱਕੋ-ਇੱਕ ਕਿਸਾਨ ਹਿਤੈਸ਼ੀ ਪਾਰਟੀ ਹੈ। ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਨੇ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਸਹੀ ਢੰਗ ਨਾਲ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਖੇਤੀ ਕਾਨੂੰਨਾਂ ਵਿਰੁੱਧ ਕੇਂਦਰ ਸਰਕਾਰ ਤੋਂ ਅਸਤੀਫਾ ਦਿੱਤਾ, ਤੇ ਬਾਅਦ ਵਿੱਚ ਅਕਾਲੀ ਦਲ ਨੇ ਭਾਈਵਾਲ ਭਾਜਪਾ ਨਾਲ ਪੁਰਾਣਾ ਗੱਠਜੋੜ ਵੀ ਤੋੜ ਦਿੱਤਾ। ਹੁਣ ਅਕਾਲੀ ਦਲ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਬਾਦਲਾਂ ਦੇ ਧਰਨੇ ਕਰਕੇ ਰਾਹਗੀਰ ਹੋਏ ਪ੍ਰੇਸ਼ਾਨ

ਮੀਡੀਆ ਰਿਪੋਰਟਾਂ ਮੁਤਾਬਕ ਹਰਸਿਮਰਤ ਕੌਰ ਦੇ ਕਾਫਲੇ ਵਿੱਚ 900 ਦੇ ਕਰੀਬ ਗੱਡੀਆਂ ਸ਼ਾਮਲ ਸਨ ਪਰ ਪਟਿਆਲਾ ਪਹੁੰਚਣ ਤਕ 200 ਦੇ ਕਰੀਬ ਟਰੈਕਟਰ ਵੀ ਕਾਫਲੇ ਵਿੱਚ ਸ਼ਾਮਲ ਹੋ ਗਏ। ਇਸ ਕਾਫਲੇ ਕਰਕੇ ਸੜਕਾਂ ’ਤੇ ਭਾਰੀ ਜਾਮ ਲੱਗਾ ਰਿਹਾ ਅਤੇ ਰੋਜ਼ ਵਾਂਗ ਸਫ਼ਰ ਕਰ ਰਹੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮਾਰਚ ਦੌਰਾਨ ਵਾਹਨ ਚਾਲਕਾਂ ਨੂੰ ਨੈਸ਼ਨਲ ਹਾਈਵੇਅ ’ਤੇ ਜਾਨ ਜ਼ੋਖਮ ਵਿੱਚ ਪਾ ਕੇ ਗ਼ਲਤ ਪਾਸਿਓਂ ਗੱਡੀ ਕੱਢਣੀ ਪਈ। ਕਈ ਦੋਪਹੀਆ ਵਾਹਨ ਚਾਲਕਾਂ ਨੂੰ ਤਾਂ ਟੱਕਰ ਤੋਂ ਬਚਣ ਲਈ ਸਰਵਿਸ ਲਾਈਨ ਤੋਂ ਵੀ ਉੱਤਰਨਾ ਪਿਆ।

ਅਕਾਲੀ ਦਲ ਦੇ ਮਾਰਚ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਨਾਲ ਜੁੜਦੀਆਂ ਸ਼ਹਿਰ ਵਿੱਚ ਦਾਖਲ ਹੋਣ ਵਾਲੀ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਸੀ। ਚੰਡੀਗੜ੍ਹ ਜਾਣ ਵਾਲੇ ਟਰੈਫਿਕ ਨੂੰ ਬਦਲਵੇਂ ਰਸਤਿਆਂ ਰਾਹੀਂ ਪੰਚਕੂਲਾ ਤੋਂ ਚੰਡੀਗੜ੍ਹ ਵੱਲ ਭੇਜਿਆ ਗਿਆ। ਉੱਧਰ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਕਾਲੀਆਂ ਵਾਸਤੇ ਆਪਣੇ ਬੂਹੇ ਭੇੜ ਲਏ ਜਿਸ ਦਾ ਅਕਾਲੀਆਂ ਨੇ ਵਿਰੋਧ ਵੀ ਕੀਤਾ।

ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਵੱਲੋਂ ਵੀ ਚੰਡੀਗੜ੍ਹ ਪੁਲਿਸ ਵੱਲੋਂ ਅਕਾਲੀ ਲੀਡਰਾਂ ਦੀ ਗ੍ਰਿਫ਼ਤਾਰੀ ਦਾ ਸਖ਼ਤ ਵਿਰੋਧ ਕੀਤਾ ਗਿਆ।

ਚੰਡੀਗੜ੍ਹ ਪਹੁੰਚਣ ’ਤੇ ਅਕਾਲੀ ਲੀਡਰਾਂ ਅਤੇ ਸਥਾਨਕ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਪੰਜਾਬ ਦੀਆਂ ਦੋ ਹੱਦਾਂ; ਜ਼ੀਰਕਪੁਰ ਅਤੇ ਮੁੱਲਾਂਪੁਰ ਵਿਖੇ ਅਕਾਲੀ ਵਰਕਰਾਂ ’ਤੇ ਹਲਕਾ ਲਾਠੀਚਾਰਜ ਵੀ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ। ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

ਬਾਦਲਾਂ ਦੇ ‘ਕਿਸਾਨ ਮਾਰਚ’ ’ਤੇ ਕਾਂਗਰਸ ਦਾ ਪ੍ਰਤੀਕਰਮ

ਬਾਦਲ ਪਰਿਵਾਰ ਵੱਲੋਂ ਕੱਢੇ ਕਿਸਾਨ ਮਾਰਚ ਬਾਰੇ ਕਾਂਗਰਸ ਵੱਲੋਂ ਕੋਈ ਖ਼ਾਸ ਪ੍ਰਤੀਕਿਰਿਆ ਨਹੀਂ ਆਈ ਪਰ ਕਾਂਗਰਸ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਅਕਾਲੀ ਦਲ ’ਤੇ ਨਿਸ਼ਾਨਾ ਸਾਧ ਦਿੱਤਾ। ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ‘ਕਿਸਾਨਾਂ ਨੇ ਅਕਾਲੀਆਂ ਨੂੰ ਪਾਈਆਂ ਜੰਮ ਕੇ ਲਾਹਣਤਾਂ’ ਟਾਈਟਲ ਹੇਠ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਜਿਸ ਵਿੱਚ ਕਿਸਾਨ ਵਿਰੋਧ ਕਰ ਰਹੀ ਅਕਾਲੀ ਦਲ ਪਾਰਟੀ ’ਤੇ ਤਿੱਖੇ ਸਵਾਲ ਕੱਸ ਰਹੇ ਹਨ। ਵੇਖੋ ਵੀਡੀਓ

ਖਹਿਰਾ ਵੱਲੋਂ ਅਕਾਲੀਆਂ ਦਾ ਕਿਸਾਨ-ਮਾਰਚ ‘ਬਾਦਲ ਫੈਮਿਲੀ ਡਰਾਮਾ’ ਕਰਾਰ

ਉਂਞ ਤਾਂ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦੇ ਰਹੀਆਂ ਹਨ ਪਰ ਆਪਸ ਵਿੱਚ ਇੱਕ-ਦੂਜੇ ’ਤੇ ਨਿਸ਼ਾਨੇਬਾਜ਼ੀ ਵੀ ਹੋ ਰਹੀ ਹੈ। ਪੰਜਾਬ ਏਕਤਾ ਪਾਰਟੀ ਦੇੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਇਸ ਕਿਸਾਨ ਮਾਰਚ ਨੂੰ ਬਾਦਲ ਫੈਮਿਲੀ ਡਰਾਮਾ ਕਹਿੰਦਿਆਂ ਅਕਾਲੀ ਦਲ ’ਤੇ ਨਿਸ਼ਾਨਾ ਕੱਸਿਆ।

ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਅਕਾਲੀ ਦਲ ਦਾ ਸਾਰਾ ਸ਼ੋਅ ਤੇ ਪ੍ਰਦਰਸ਼ਨ ਮਹਿਜ਼ ਬਾਦਲਾਂ ਦੇ ਫੈਮਿਲੀ ਡਰਾਮੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਇਸ ਨਾਲ ਲੋਕਾਂ ਦੇ ਕਰੋੜਾਂ ਰੁਪਇਆਂ ਦੀ ਬਰਬਾਦੀ ਅਤੇ ਸੜਕਾਂ ’ਤੇ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਹੋਈ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਦਾ ਮਕਸਦ ਪੰਜਾਬ ਦੇ ਗਵਰਨਰ ਨੂੰ ਮਿਲਣਾ ਹੀ ਸੀ ਤਾਂ ਪਾਰਟੀ ਦੇ ਕੁਝ ਨੁਮਾਇੰਦੇ ਵੀ ਜਾ ਕੇ ਮੁਲਾਕਾਤ ਕਰ ਸਕਦੇ ਸੀ।

ਅਕਾਲੀ ਦਲ ’ਤੇ ਸਿਆਸੀ ਦਬਾਅ

ਅਕਾਲੀ ਦਲ ਪਾਰਟੀ ਦਾ ਅਧਾਰ ਪੰਜਾਬ ਦਾ ਕਿਸਾਨ ਹੀ ਹੈ। ਸੁਖਬੀਰ ਬਾਦਲ ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਕਹਿੰਦੇ ਹਨ ਤੇ ਆਪਣੇ-ਆਪ ਨੂੰ ਵੀ ਕਿਸਾਨ-ਹਿਤੈਸ਼ੀ ਕਹਾਉਂਦੇ ਹਨ। ਇਸ ਲਈ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਮੰਨਿਆ ਜਾ ਰਿਹਾ ਹੈ ਕਿ ਖੇਤੀ ਬਿੱਲਾਂ ਦੇ ਮਾਮਲੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਸਾਥ ਦੇਣ ਨਾਲ ਕਿਸਾਨ ਨਾਰਾਜ਼ ਹੋ ਜਾਣਗੇ ਅਤੇ ਇਸ ਨਾਲ ਅਕਾਲੀਆਂ ਦੇ ਵੋਟ ਬੈਂਕ ’ਤੇ ਅਸਰ ਪੈ ਸਕਦਾ ਹੈ। ਇਸ ਲਈ ਅਕਾਲੀ ਦਲ ਕੇਂਦਰ ਦੀ ਵਜ਼ੀਰੀ ਛੱਡੀ ਅਤੇ ਗਠਜੋੜ ਵੀ ਤੋੜਿਆ। ਸੂਬੇ ਦੀ ਕਾਂਗਰਸ ਸਰਕਾਰ ਵੀ ਇਸ ਮੁੱਦੇ ’ਤੇ ਅਕਾਲੀ ਦਲ ਨੂੰ ਘੇਰ ਰਹੀ ਸੀ ਕਿ ਜੇ ਇੰਨੇ ਹੀ ਕਿਸਾਨ ਹਿਤੈਸ਼ੀ ਹਨ ਤਾਂ ਮੋਦੀ ਸਰਕਾਰ ਨਾਲ ਗਠਜੋੜ ਕਿਉਂ ਕਾਇਮ ਰੱਖਿਆ ਹੈ? ਇਸੇ ਦਬਾਅ ਕਰਕੇ ਅਕਾਲੀ ਦਲ ਨੂੰ NDA ਨਾਲੋਂ ਰਿਸ਼ਤਾ ਤੋੜਨਾ ਪਿਆ।

ਅਕਾਲੀ ਦਲ ਨਾਲੋਂ ਵੱਖ ਹੋਣ ’ਤੇ NDA ਨੂੰ ਹੋ ਸਕਦਾ ਨੁਕਸਾਨ?

ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅਰਬਨ ਵੋਟ ਬੈਂਕ ਲਈ ਤਾਂ ਬੀਜੇਪੀ ਆਤਮ-ਨਿਰਭਰ ਹੈ ਪਰ ਦਿਹਾਤੀ ਵੋਟ ਬੈਂਕ ਲਈ ਬੀਜੇਪੀ ਨੂੰ ਅਕਾਲੀ ਦਲ ’ਤੇ ਨਿਰਭਰ ਰਹਿਣਾ ਪੈਂਦਾ ਸੀ। ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਅਕਾਲੀ ਦਲ ਦੇ ਸਮਰਥਕ ਰਹੇ ਹਨ। ਹੁਣ ਅਕਾਲੀ ਨਾਲ ਦੀ ਨਾਰਾਜ਼ਗੀ ਨਾਲ ਬੀਜੇਪੀ ਨੂੰ ਸਿਆਸੀ ਤੌਰ ’ਤੇ ਨੁਕਸਾਨ ਝੱਲਣਾ ਪੈ ਸਕਦਾ ਹੈ। ਹਰਿਆਣਾ ਵਿੱਚ ਵੀ ਬੀਜੇਪੀ ਨੂੰ ਅਕਾਲੀ ਦਲ ਦੇ ਵੱਖ ਹੋਣ ਦਾ ਖ਼ਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਇਸ ਮੁੱਦੇ ’ਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਵੀ ਐਨਡੀਏ ਤੋਂ ਅਕਾਲੀ ਦਲ ਦੇ ਵੱਖ ਹੋਣ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਿਸ ਗਠਜੋੜ ਵਿੱਚ ਸ਼ਿਵ ਸੈਨਾ ਅਤੇ ਅਕਾਲੀ ਦਲ ਨਹੀਂ, ਉਹ ਉਸ ਨੂੰ ਐਨਡੀਏ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਸ਼ਿਵਸੇਨਾ ਨੂੰ ਵੀ ਮਜਬੂਰੀ ਵੱਸ NDA ਤੋਂ ਬਾਹਰ ਨਿਕਲਣਾ ਪਿਆ, ਹੁਣ ਅਕਾਲੀ ਦਲ ਵੀ ਨਿਕਲ ਗਿਆ, ਜਦਕਿ ਇਹ ਦੋਵੇਂ ਦਲ NDA ਦੇ ਦੋ ਮਜਬੂਤ ਥੰਮ ਮੰਨੇ ਜਾਂਦੇ ਸਨ। ਉਨ੍ਹਾਂ ਦਾ ਇਸ਼ਾਰਾ ਸਾਫ਼ ਹੈ ਕਿ ਦੋਵਾਂ ਪਾਰਟੀਆਂ ਦੇ ਸਾਥ ਤੋਂ ਬਗੈਰ NDA ਕਮਜ਼ੋਰ ਪੈ ਸਕਦਾ ਹੈ।

ਅਕਾਲੀ ਦਲ ਦੇ ਵਿਰੋਧ ਦਾ 2022 ਦੀਆਂ ਚੋਣਾਂ ’ਤੇ ਪਏਗਾ ਅਸਰ?

ਪੰਜਾਬ ਵਿੱਚ 2022 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਦੀਆਂ ਯੋਜਨਾਵਾਂ ਦੇ ਤਹਿਤ ਕਿਸਾਨ ਹਿਤੈਸ਼ੀ ਬਣ ਕੇ ਮੋਦੀ ਸਰਕਾਰ ਖ਼ਿਲਾਫ਼ ਵਿਰੋਧ ਕਰਨ ਦਾ ‘ਡਰਾਮਾ’ ਕਰ ਰਿਹਾ ਹੈ। ਬੀਜੇਪੀ ਅਤੇ ਅਕਾਲੀ ਦਲ ਦੀ ਭਾਈਵਾਲੀ ਜੱਗ ਜਾਹਰ ਹੈ। ਦੋਵੇਂ ਪਾਰਟੀਆਂ ਦੀ ਲੰਮੇ ਸਮੇਂ ਤੋਂ ਭਾਈਵਾਲੀ ਰਹੀ ਹੈ। ਇਸ ਤਰ੍ਹਾਂ ਹੁਣ ਪਾਰਟੀ ਦੇ ਮੋਦੀ ਸਰਕਾਰ ਨਾਲੋਂ ਵੱਖ ਹੋਣ ’ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਹਾਲਾਂਕਿ ਕਿਸਾਨਾਂ ਤੇ ਅਕਾਲੀ ਦੀਆਂ ਕੋਸ਼ਿਸ਼ਾਂ ਦਾ ਮੋਦੀ ਸਰਕਾਰ ’ਤੇ ਕੋਈਆ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ। ਖੇਤੀ ਆਰਡੀਨੈਂਸ ਹੁਣ ਕਾਨੂੰਨ ਬਣ ਚੁੱਕੇ ਹਨ ਅਤੇ ਵਿਰੋਧ ਦੇ ਬਾਵਜੂਦ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਜਾ ਰਹੇ ਹਨ। ਪੰਜ ਦਿਨ ਪਹਿਲਾਂ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ 3.29 ਲੱਖ ਟਨ ਝੋਨਾ ਰਾਜ ਦੀਆਂ ਮੰਡੀਆਂ ਵਿਚ ਪਹੁੰਚ ਗਿਆ ਹੈ। ਪਿਛਲੇ ਸਾਲ ਮੰਡੀਆਂ ਵਿੱਚ ਇਸ ਸਮੇਂ ਤਕ 2.98 ਲੱਖ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ। ਫਸਲਾਂ ਦੀ ਖਰੀਦ ਵੀ ਜਾਰੀ ਹੈ, ਕਿਸਾਨ ਵਿਰੋਧ ਵੀ ਕਰ ਰਹੇ ਹਨ, ਪਰ ਮੋਦੀ ਸਰਕਾਰ ਆਪਣੇ ਫੈਸਲੇ ’ਤੇ ਅਟੱਲ ਹੈ।


 

Leave a Reply

Your email address will not be published. Required fields are marked *