India Punjab

ਲਾਹਨਤਾਂ ਪਈਆਂ ਤਾਂ ਫੇਸਬੁੱਕ ਨੇ ਮੁੜ ਪਬਲਿਸ਼ ਕੀਤਾ ‘ਕਿਸਾਨ ਏਕਤਾ ਮੋਰਚਾ’ ਪੇਜ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਅੱਜ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਦੌਰਾਨ ਫੇਸਬੁੱਕ ਵੱਲੋਂ ਕਿਸਾਨਾਂ ਦਾ ਪੇਜ ‘ਕਿਸਾਨ ਏਕਤਾ ਮੋਰਚਾ’ ਅਨਪਬਲਿਸ਼ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟਵਿੱਟਰ ’ਤੇ ਫੇਸਬੁੱਕ ਦੇ ਇਸ ਕਦਮ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ। ਇਸ ਤੋਂ ਕੁਝ ਦੇਰ ਬਾਅਦ ਹੁਣ ਫੇਸਬੁੱਕ ਵੱਲੋਂ ‘ਕਿਸਾਨ ਏਕਤਾ ਮੋਰਚਾ’ ਦਾ ਫੇਸਬੁਕ ਪੇਜ ਮੁੜ ਤੋਂ ਪਬਲਿਸ਼ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਫੇਸਬੁੱਕ ਨੇ ਰਿਲਾਇੰਸ ਜੀਓ ਵਿੱਚ 43,574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਰਿਲਾਇੰਸ ਜੀਓ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਜੀਓ ਸਿੰਮ ਏਅਰਟੈਲ ਅਤੇ ਆਈਡੀਆ ਵਿੱਚ ਪੋਰਟ ਕਰਵਾ ਲਏ। ਇਸ ਮਗਰੋਂ ਜੀਓ ਵੱਲੋਂ ਦੋਵਾਂ ਕੰਪਨੀਆਂ ਖ਼ਿਲਾਫ਼ ਟਰਾਈ ਨੂੰ ਸ਼ਿਕਾਇਤ ਵੀ ਕਰਵਾਈ ਗਈ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਜੀਓ ਨਾਲ ਭਾਈਵਾਲੀ ਹੋਣ ਕਰਕੇ ਬਦਲਾਖੋਰੀ ਦੇ ਤਹਿਤ ਫੇਸਬੁੱਕ ਵੱਲੋਂ ਕਿਸਾਨਾਂ ਦਾ ਪੇਜ ਹਟਾਇਆ ਗਿਆ ਤਾਂ ਜੋ ਕਿਸਾਨਾਂ ਦੀ ਆਵਾਜ਼ ਲੋਕਾਂ ਤਕ ਨਾ ਪਹੁੰਚ ਸਕੇ। ਫਿਲਹਾਲ ਫੇਸਬੁੱਕ ਨੂੰ ਇਸ ਕਾਰਵਾਈ ਕਰਕੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ #BanFacebook ਦਾ ਹੈਸ਼ਟੈਗ ਚਲਾ ਰਹੇ ਹਨ।

ਯਾਦ ਰਹੇ ਫੇਸਬੁੱਕ ’ਤੇ ਪਹਿਲਾਂ ਵੀ ਭਾਰਤ ਸਰਕਾਰ ਨਾਲ ਹੱਥ ਮਿਲਾਉਣ ਦੀ ਗੱਲ ਸਾਹਮਣੇ ਆਈ ਸੀ ਕਿ ਫੇਸਬੁੱਕ ਨੇ ਚੋਣਾਂ ਵਿੱਚ ਬੀਜੇਪੀ ਦਾ ਸਾਥ ਦਿੱਤਾ। ਇਸ ਤੋਂ ਇਲਾਵਾ ਫੇਸਬੁੱਕ ਨੇ ਹਿੰਸਾ ਦੇ ਮਾਮਲੇ ਵਿੱਚ ਬਜਰੰਗ ਦਲ ਦੇ ਪੇਜ ਵੀ ਬੈਨ ਨਹੀਂ ਕੀਤੇ। ਇਨ੍ਹਾਂ ਪੇਜਾਂ ਤੋਂ ਹੀ ਹਿੰਸਾ ਭੜਕਾਉਣ ਵਾਲੀਆਂ ਵੀਡੀਓ ਵਾਇਰਲ ਹੋਈਆਂ ਸੀ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ ਤੇ ਸ਼ੇਅਰ ਕੀਤਾ ਸੀ।