India Punjab

ਕੇਜਰੀਵਾਲ ਨੇ ਦਿੱਤੀ ਪੰਜਾਬ ਨੂੰ ਚੌਥੀ ਗਾਰੰਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਪਠਾਨਕੋਟ ਪਹੁੰਚੇ। ਕੇਜਰੀਵਾਲ ਨੇ ਅੱਜ ਪੰਜਾਬ ਲਈ ਚੌਥੀ ਗਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ‘ਆਪ’ ਦੀ ਚੌਥੀ ਗਰੰਟੀ ਸਿੱਖਿਆ ਦੀ ਹੈ। ਪੰਜਾਬ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫਤ ਤੇ ਸਭ ਤੋਂ ਵਧੀਆ ਸਿੱਖਿਆ ਮਿਲੇਗੀ। ਕੇਜਰੀਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਡਰ ਨੂੰ ਲਾਮਬੰਦ ਕਰਨ ਲਈ ਪਠਾਨਕੋਟ ਵਿੱਚ ‘ਤਿਰੰਗਾ ਯਾਤਰਾ’ (Tiranga Yatra) ਕੀਤੀ।

ਕੇਜਰੀਵਾਲ ਨੇ ਕਿਹਾ ਕਿ ਅਮੀਰਾਂ ਵਾਂਗ ਗਰੀਬਾਂ ਦੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਮਿਲੇਗੀ। ਇਸ ਲਈ ਜੇ ਹੋਰ ਸਕੂਲ ਵੀ ਬਣਾਉਣੇ ਪੈਣ ਤਾਂ ਅਸੀਂ ਨਵੇਂ ਸਕੂਲ ਵੀ ਬਣਾਵਾਂਗੇ। ਦਿੱਲੀ ਦਾ 25 ਫ਼ੀਸਦ ਬਜਟ ਅਸੀਂ ਸਕੂਲਾਂ ‘ਤੇ ਖਰਚ ਕਰਦੇ ਹਾਂ। ਅੱਜ ਦਿੱਲੀ ਦੇ ਸਰਕਾਰੀ ਸਕੂਲ ਸ਼ਾਨਦਾਰ ਹੋ ਗਏ ਹਨ। ਜੋ ਮੌਜੂਦਾ ਸਕੂਲ ਹਨ, ਉਨ੍ਹਾਂ ਨੂੰ ਤੋੜ ਕੇ ਨਵੀਂ ਬਿਲਡਿੰਗ ਬਣਾਈ ਜਾਵੇਗੀ। ਸਾਰੇ ਪ੍ਰੋਫੈਸਰ ਤੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਨਵੇਂ ਸਕੂਲ ਇੱਦਾਂ ਦੇ ਬਣਾਏ ਜਾਣਗੇ, ਜਿਨ੍ਹਾਂ ਨੂੰ ਦੇਖਣ ਲਈ ਬਾਹਰਲੇ ਮੁਲਕਾਂ ਤੋਂ ਲੋਕ ਪੰਜਾਬ ਆਉਣਗੇ। ਪੰਜਵੀਂ ਗਾਰੰਟੀ ਦਾ ਵੀ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਸਰਹੱਦ ‘ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਿੱਤੇ ਜਾਣਗੇ। ਜਦਕਿ ਅਪ੍ਰੇਸ਼ਨ ਦੌਰਾਨ ਜੇਕਰ ਕੋਈ ਪੁਲਿਸ ਮੁਲਾਜ਼ਮ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਇੱਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।

ਕੇਜਰੀਵਾਲ ਨੇ ਚੰਨੀ ‘ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਚੰਨੀ ਸਾਹਿਬ ਮੈਨੂੰ ਮੋਟੀਆਂ-ਮੋਟੀਆਂ ਗਾਲ੍ਹਾਂ ਦੇ ਰਹੇ ਹਨ। ਥੋੜੇ ਦਿਨ ਪਹਿਲਾਂ ਚੰਨੀ ਬੋਲੇ ਕਿ ਕੇਜਰੀਵਾਲ ਬਹੁਤ ਖਰਾਬ ਕੱਪੜੇ ਪਾਉਂਦਾ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਕੀ ਗੱਲ ਚੰਨੀ ਸਾਹਿਬ ਨੇ ਰਿਸ਼ਤਾ ਕਰਨਾ ਹੈ। ਚੰਨੀ ਨੇ ਕਿਹਾ ਸੀ ਕਿ ਕੋਈ ਕੇਜਰੀਵਾਲ ਨੂੰ ਪੰਜ ਹਜ਼ਾਰ ਰੁਪਏ ਦੇ ਦੇਵੇ, ਇਹ ਕੱਪੜੇ ਚੰਗੇ ਪਾ ਲਵੇਗਾ। ਮੈਂ ਜੋ ਵੀ ਕੱਪੜੇ ਪਾਉਂਦਾ ਹਾਂ, ਮੈਂ ਉਸ ਤੋਂ ਖੁਸ਼ ਹਾਂ।

ਕੱਲ਼੍ਹ ਚੰਨੀ ਸਾਹਿਬ ਕਹਿੰਦੇ ਹਨ ਕਿ ਕੇਜਰੀਵਾਲ ਕਾਲਾ ਹੈ। ਹਮ ਕਾਲੇ ਹੈਂ ਤੋਂ ਕਿਆ ਹੁਆ, ਦਿਲਵਾਲੇ ਹੈਂ। ਚਾਹੇ ਮੈਂ ਕਾਲਾ ਹਾਂ ਪਰ ਮੇਰੀ ਨੀਅਤ ਸਾਫ ਹੈ। ਜਨਤਾ ਜਾਣਦੀ ਹੈ ਕਿ ਕਿਸਦਾ ਦਿਲ ਕਾਲਾ ਹੈ। ਮੈਂ ਜਨਤਾ ਨੂੰ ਤੁਹਾਡੇ ਵਾਂਗ ਝੂਠੇ ਵਾਅਦੇ ਨਹੀਂ ਕਰਦਾ।