India

ਪੱਤਰਕਾਰ ਮਨਦੀਪ ਪੂਨੀਆ ਨੇ ਦੱਸਿਆ ਤਿਹਾੜ ਜੇਲ੍ਹ ‘ਚ ਬੰਦ ਕਿਸਾਨਾਂ ਦਾ ਹਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੱਤਰਕਾਰ ਮਨਦੀਪ ਪੂਨੀਆ ਨੇ ਸਿੰਘੂ ਬਾਰਡਰ ਤੋਂ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਪੇਜ਼ ਰਾਹੀਂ ਕਿਹਾ ਕਿ 30 ਜਨਵਰੀ ਨੂੰ ਜੋ ਘਟਨਾ ਹੋਈ, ਪੁਲਿਸ ਵੱਲੋਂ ਮੈਨੂੰ ਵਾਰ-ਵਾਰ ਕਿਹਾ ਗਿਆ ਸੀ ਕਿ ਹੁਣ ਤੋਂ ਤੂੰ ਤਿਹਾੜ ਤੋਂ ਹੀ ਰਿਪੋਰਟਿੰਗ ਕਰਨਾ। ਤਿਹਾੜ ਜੇਲ੍ਹ ਵਿੱਚ ਬਹੁਤ ਸਾਰੇ ਕਿਸਾਨ ਬੰਦ ਸਨ। ਜੇਲ੍ਹ ਵਿੱਚ ਮੇਰੇ ਨਾਲੋਂ ਕਿਸਾਨਾਂ ‘ਤੇ ਜ਼ਖਮਾਂ ਦੇ ਨਿਸ਼ਾਨ ਜ਼ਿਆਦਾ ਸਨ। ਇਸ ਲਈ ਮੈਂ ਜਦੋਂ ਤਿਹਾੜ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਮੈਂ ਉਨ੍ਹਾਂ ਦੇ ਨਾਂ ਅਤੇ ਉਨ੍ਹਾਂ ਦੇ ਬਿਆਨ ਆਪਣੇ ਪੈਰਾਂ ‘ਤੇ ਲਿਖ ਕੇ ਲਿਆਇਆ।

ਪੂਨੀਆ ਨੇ ਕਿਹਾ ਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਗਏ ਸਨ, ਉਨ੍ਹਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਆਪਣੇ ਨਿੱਜੀ ਕੰਮਾਂ ਲਈ ਬਾਜ਼ਾਰ ਗਏ ਹੋਏ ਸਨ। ਜੇਲ੍ਹ ਵਿੱਚ ਉਨ੍ਹਾਂ ਨਾਲ ਬੁਰੇ ਤਰੀਕੇ ਨਾਲ ਮਾਰ-ਪਿੱਟ ਕੀਤੀ ਗਈ ਹੈ। ਸਾਰੇ ਕਿਸਾਨ ਇਸ ਗੱਲ ਤੋਂ ਫਿਕਰ ‘ਚ ਸੀ ਕਿ ਉਨ੍ਹਾਂ ‘ਤੇ ਕਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਪੂਨੀਆ ਨੇ ਮੀਡੀਆ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਕਿਹਾ ਕਿ ਗੋਦੀ ਮੀਡੀਆ ਕਿਸਾਨਾਂ ਨੂੰ ਖ਼ਾਲਿਸਤਾਨੀ ਦੱਸ ਰਿਹਾ ਹੈ ਜਦਕਿ ਪੰਜਾਬ, ਹਰਿਆਣਾ ਦੇ ਪੱਤਰਕਾਰ ਕਿਸਾਨਾਂ ਦੇ ਵਿੱਚ ਰਹਿ ਕੇ ਕਿਸਾਨਾਂ ਦੇ ਅਸਲੀ ਪੱਖ ਦਿਖਾ ਰਹੇ ਹਨ।