Punjab

ਜਥੇਦਾਰ ਨੇ ਮੈਨੂੰ ਦਿੱਤੀ ਸਿੱਧੀ ਧਮਕੀ: ਢੱਡਰੀਆਂਵਾਲੇ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਵਿਵਾਦਤ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਮਸਲਾ ਵੀ ਵਿਚਾਰਿਆ ਗਿਆ। ਜਿਸ ਵਿੱਚ ਸਿੰਘ ਸਾਹਿਬਾਨਾਂ ਵੱਲੋਂ ਸਖਤ ਤਾੜਨਾ ਕੀਤੀ ਗਈ ਹੈ ਕਿ ਜਦੋਂ ਤੱਕ ਢੱਡਰੀਆਂਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਆ ਕੇ ਮਾਫੀ ਨਹੀਂ ਮੰਗਦਾ, ਉਨ੍ਹਾਂ ਚਿਰ ਦੁਨੀਆਂ ‘ਚ ਕਿਤੇ ਵੀ ਉਸ ਦੇ ਪ੍ਰੋਗਰਾਮ ਨਾ ਕਰਵਾਏ ਜਾਣ। ਸਿੰਘ ਸਾਹਿਬ ਨੇ ਕਿਹਾ ਕਿ ਢੱਡਰੀਆਂਵਾਲੇ ਦੇ ਪ੍ਰੋਗਰਾਮਾਂ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸਦੇ ਜਿੰਮੇਵਾਰ ਪ੍ਰਬੰਧਕ ਆਪ ਹੋਣਗੇ। ਇਸਤੋਂ ਇਲਾਵਾ ਉਨ੍ਹਾਂ ਨੇ ਢ਼ੱਡਰਿਆਵਾਲੇ ਦੇ ਪ੍ਰੋਗਰਾਮ ਸੁਣਨ ਅਤੇ ਸ਼ੇਅਰ ਕਰਨ ਤੋਂ ਵੀ ਮਨ੍ਹਾਂ ਕੀਤਾ ਹੈ ।

ਭਾਈ ਰਣਜੀਤ ਸਿੰਘ ਢ਼ੱਡਰੀਆਂਵਾਲੇ ਨੇ ਸਿੰਘ ਸਾਹਿਬ ਦੇ ਇਸ ਆਦੇਸ਼ ਦਾ ਜਵਾਬ ਦਿੰਦਿਆ ਕਿਹਾ ਕਿ ਪ੍ਰੋਗਰਾਮ ਤਾਂ ਮੈਂ 6 ਮਹੀਨੇ ਪਹਿਲਾਂ ਹੀ ਛੱਡ ਚੁੱਕਿਆ ਹਾਂ ਅਤੇ ਜਥੇਦਾਰ ਸਾਹਿਬ ਨੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਵਾਲੀ ਗੱਲ ਆਖ ਮੈਂਨੂੰ ਸਿੱਧੀ ਧਮਕੀ ਦਿੱਤੀ ਹੈ। ਢ਼ੱਡਰੀਆਂਵਾਲਿਆਂ ਨੇ ਕਿਹਾ ਕਿ ਜਥੇਦਾਰ ਨੇ ਉਸ ਦੇ ਪ੍ਰੋਗਰਾਮ ਸੁਣਨ ਤੋਂ ਮਨ੍ਹਾਂ ਇਸ ਲਈ ਕੀਤਾ ਹੈ ਕਿਉਕਿ ਉਹ ਸੱਚ ਬੋਲਦਾ ਹੈ ਅਤੇ ਉਸ ਦੀਆਂ ਵੀਡਿਓ ‘ਚ ਉਹ ਸੱਚ ਹੈ ਜੋਂ ਪ੍ਰਬੰਧਕ ਕਮੇਟੀ ਲੋਕਾਂ ਨੂੰ ਦੱਸਣਾ ਨਹੀ ਚਾਹੁੰਦੀ। ਢੱਡਰੀਆਂਵਾਲੇ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਟੀਵੀ ‘ਤੇ ਬੈਠ ਕੇ ਵਿਚਾਰ-ਚਰਚਾ ਕਰਨ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਜੇ ਜਥੇਦਾਰ ਸਾਹਿਬ ਮੈਨੂੰ ਗਲਤ ਸਾਬਤ ਕਰ ਦੇਣ ਤਾਂ ਮੈਂ ਅਕਾਲ ਤਖ਼ਤ ਵਿਖੇ ਲੰਮੇ ਪੈ ਕੇ ਮੱਥਾ ਟੇਕਾਂਗਾ ਅਤੇ ਜਥੇਦਾਰ ਨੂੰ ਵੀ ਨਾਲ ਹੀ ਮੱਥਾ ਟੇਕਾਂਗਾ।