India International

ਭੁੱਖਮਰੀ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਫਿਸਲਿਆ ਭਾਰਤ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations Development Programme) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2020 ਵਿੱਚ ਮਨੁੱਖੀ ਵਿਕਾਸ ਸੂਚਕ ਅੰਕ (Human Development Index) ਦੀ ਸੂਚੀ ’ਚ ਭਾਰਤ ਨੂੰ 131ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਸੂਚੀ ਵਿੱਚ ਕੁੱਲ 179 ਦੇਸ਼ ਸ਼ਾਮਲ ਹਨ। ਦੱਸ ਦੇਈਏ ਇਸ ਸੂਚੀ ਵਿੱਚ ਭਾਰਤ ਪਿਛਲੇ ਸਾਲ ਤੋਂ ਇੱਕ ਅੰਕ ਹੋਰ ਹੇਠਾਂ ਫਿਸਲ ਗਿਆ ਹੈ।

ਮਨੁੱਖੀ ਵਿਕਾਸ ਸੂਚਕ ਅੰਕ ਕਿਸੇ ਦੇਸ਼ ਦੇ ਸਿਹਤ, ਸਿੱਖਿਆ ਅਤੇ ਜੀਵਨ ਦੇ ਪੱਧਰ ਦਾ ਮਾਪ ਹੈ। ਮਨੁੱਖੀ ਵਿਕਾਸ ਰਿਪੋਰਟ ਅਨੁਸਾਰ ਸਾਲ 2019 ’ਚ ਭਾਰਤੀਆਂ ਦੀ ਉਮਰ ਦੀ ਉਮੀਦ 69.7 ਸਾਲ ਸੀ। ਬੰਗਲਾਦੇਸ਼ ’ਚ ਇਹ 72.6 ਸਾਲ ਅਤੇ ਪਾਕਿਸਤਾਨ ’ਚ 67.3 ਸਾਲ ਸੀ। ਰਿਪੋਰਟ ਮੁਤਾਬਕ ਭੂਟਾਨ 129ਵੇਂ ਸਥਾਨ ’ਤੇ, ਬੰਗਲਾਦੇਸ਼ 133ਵੇਂ ਸਥਾਨ ’ਤੇ, ਨੇਪਾਲ 142ਵੇਂ ਸਥਾਨ ’ਤੇ ਅਤੇ ਪਾਕਿਸਤਾਨ 154ਵੇਂ ਸਥਾਨ ’ਤੇ ਰਿਹਾ।

ਸੂਚਕ ਅੰਕ ’ਚ ਨਾਰਵੇ ਸਭ ਤੋਂ ਉੱਪਰ ਰਿਹਾ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ ਹਾਂਗਕਾਂਗ ਅਤੇ ਆਇਸਲੈਂਡ ਰਿਹਾ। ਇਸ ਸਬੰਧੀ ਯੂਐਨਡੀਪੀ ਦੇ ਰੈਜ਼ੀਡੈਂਟ ਪ੍ਰਤੀਨਿਧੀ ਸ਼ੋਕੋ ਨੋਡਾ ਨੇ ਕਿਹਾ ਕਿ ਭਾਰਤ ਦੀ ਰੈਂਕਿੰਗ ’ਚ ਕਮੀ ਦਾ ਇਹ ਅਰਥ ਨਹੀਂ ਹੈ ਕਿ ‘ਭਾਰਤ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਬਲਕਿ ਇਸ ਦਾ ਅਰਥ ਹੈ ਕਿ ਹੋਰ ਦੇਸ਼ਾਂ ਨੇ ਬਿਹਤਰ ਕੀਤਾ।’

ਨੋਡਾ ਨੇ ਕਿਹਾ ਕਿ ਭਾਰਤ ਦੂਜੇ ਦੇਸ਼ਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਵੱਲੋਂ ਕਾਰਬਨ ਉਤਸਰਜਨ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ਼ ਕੀਤੀ। ਮੰਗਲਵਾਰ ਨੂੰ ਜਾਰੀ ਰੀਪੋਰਟ ਮੁਤਾਬਕ ਕਮਾਉਣ ਦੀ ਤਾਕਤ ਬਰਾਬਰੀ (ਪੀਪੀਪੀ) ਦੇ ਆਧਾਰ ’ਤੇ 2018 ’ਚ ਭਾਰਤ ਦੀ ਪ੍ਰਤੀ ਵਿਅਕਤੀ ਕੁਲ ਰਾਸ਼ਟਰੀ ਆਮਦਨ 6829 ਅਮਰੀਕੀ ਡਾਲਰ ਸੀ ਜੋ 2019 ’ਚ ਡਿੱਗ ਕੇ 6681 ਡਾਲਰ ਹੋ ਗਈ।

ਯਾਦ ਰਹੇ ਇਸ ਸਾਲ ਵਿਸ਼ਵ ਭੁੱਖਮਰੀ ਸੂਚਕ ਅੰਕ (Global Hunger Index-GHI) 2020 ਦੀ ਸੂਚੀ ਮੁਤਾਬਕ 107 ਦੇਸ਼ਾਂ ਦੀ ਸੂਚੀ ਵਿੱਚੋਂ ਭਾਰਤ 94ਵੇਂ ਨੰਬਰ ‘ਤੇ ਹੈ। ਭਾਰਤ ਦਾ ਸਥਾਨ ਭੁੱਖਮਰੀ ਦੀ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਮਾਹਰਾਂ ਨੇ ਭਾਰਤ ਦੇ ਇਸ ਹਾਲ ਲਈ ਮਾੜੀ ਕਾਰਜ ਪ੍ਰਣਾਲੀ, ਅਸਰਦਾਰ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ ਨਜਿੱਠਣ ਲਈ ਉਦਾਸੀਨ ਪਹੁੰਚ ਅਤੇ ਵੱਡੇ ਸੂਬਿਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਦੋਸ਼ੀ ਠਹਿਰਾਇਆ ਹੈ।

ਪਿਛਲੇ ਸਾਲ 117 ਦੇਸ਼ਾਂ ਦੀ ਸੂਚੀ ਵਿੱਚੋਂ ਭਾਰਤ 102ਵੇਂ ਸਥਾਨ ’ਤੇ ਸੀ। ਜਨਸੰਖਿਆ ਦੇ ਮਾਮਲੇ ਵਿੱਚ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼ ਹੈ ਪਰ ਇੰਨੀ ਆਬਾਦੀ ਵਾਲੇ ਦੇਸ਼ ਵਿੱਚ ਭੁੱਖਮਰੀ ਦੀ ਸਮੱਸਿਆ ਬੇਹੱਦ ਚਿੰਤਾ ਦਾ ਵਿਸ਼ਾ ਹੈ।