Punjab

ਹਾਈਕੋਰਟ ਨੇ SP ਬਲਜੀਤ ਸਿੱਧੂ ਅਤੇ SHO ਗੁਰਦੀਪ ਪੰਧੇਰ ਦੀ ਗ੍ਰਿਫਤਾਰੀ ‘ਤੇ ਲਾਈ ਰੋਕ, SP ਸਿੱਧੂ ਨੂੰ ਨਵੇਂ ਆਦੇਸ਼ ਕੀਤੇ ਜਾਰੀ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਢ ਮਾਮਲੇ ‘ਚ ਅੱਜ ਹਾਈਕੋਰਟ ਨੇ ਫੈਸਲਾ ਸੁਣਾਉਦਿਆਂ ਤਤਕਾਲੀ SP ਬਲਜੀਤ ਸਿੰਘ ਸਿੱਧੂ ਅਤੇ SHO ਗੁਰਦੀਪ ਸਿੰਘ ਪੰਧੇਰ ਨੂੰ ਰਾਹਤ ਦੇ ਦਿੱਤੀ ਹੈ ਯਾਨਿ ਕਿ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ SP ਬਲਜੀਤ ਸਿੰਘ ਸਿੱਧੂ  ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਹੈ, ਜਦਕਿ ਗੁਰਦੀਪ ਪੰਧੇਰ ਨੂੰ ਤਾਂ ਪੱਕੀ ਜ਼ਮਾਨਤ ਦੇ ਦਿੱਤੀ ਹੈ।

 

SIT ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਢ ਮਾਮਲੇ ‘ਚ ਇਨ੍ਹਾਂ ਦੋਵੇਂ ਤਤਕਾਲੀ ਅਧਿਕਾਰੀਆਂ ਦੇ ਨਾਂ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਸਨ।

 

11 ਜੁਲਾਈ ਨੂੰ SP ਬਲਜੀਤ ਸਿੰਘ ਨੂੰ ਸਿੱਖ ਸੰਗਤ ਖ਼ਿਲਾਫ਼ ਕਥਿਤ ਤੌਰ ‘ਤੇ ਫਰਜ਼ੀ ਮੁਕੱਦਮਾ ਬਣਾਉਣ ਲਈ ਝੂਠੀ ਗਵਾਹੀ ਤਿਆਰ ਕਰਨ ਅਤੇ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਮੁਲਜ਼ਮ ਨਾਮਜ਼ਦ ਕੀਤਾ ਸੀ, ਜਿਸ ਤੋਂ ਬਾਅਦ ਬਲਜੀਤ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ। ਬਲਜੀਤ ਸਿੰਘ ਨੇ ਦਾਅਵਾ ਕੀਤਾ ਕਿ SIT ਦੀ ਵਿਸ਼ੇਸ਼ ਜਾਂਚ ਟੀਮ ਜਾਣ ਬੁੱਝ ਕੇ ਉਸ ਨੂੰ ਨਿਸ਼ਾਨਾ ਬਣਾ ਰਹੀ ਹੈ, ਜਦਕਿ ਕੋਟਕਪੂਰਾ ਥਾਣੇ ਵਿੱਚੋਂ ਜਾਰੀ ਹੋਏ 10 ਕਾਰਤੂਸ ਜਿਨ੍ਹਾਂ ਨਾਲ ਛੇੜਛਾੜ ਹੋਈ ਹੈ, ਇਸ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ।

SIT ਦੀ ਵਿਸ਼ੇਸ਼ ਜਾਂਚ ਟੀਮ ਨੇ ਹਾਈਕੋਰਟ ਨੂੰ ਕਿਹਾ ਕਿ, SP ਬਲਜੀਤ ਸਿੰਘ ਜਾਂਚ ‘ਚ ਸਹਿਯੋਗ ਨਹੀਂ ਦੇ ਰਿਹਾ, ਇਸ ਕਰਕੇ ਇਸ ਨੂੰ ਦੋ ਵਾਰੀ ਪੁੱਛ-ਗਿੱਛ ਲਈ ਵੀ ਬੁਲਾਇਆ ਸੀ ਪਰ ਉਹ ਨਹੀਂ ਪਹੁੰਚਿਆਂ। ਜਿਸ ਤੋਂ ਬਾਅਦ ਫਰੀਦਕੋਟ ਅਦਾਲਤ ਨੇ ਬਲਜੀਤ ਸਿੰਘ ਦੀ ਗ੍ਰਿਫ਼ਤਾਰੀ ਦੇ ਵਾਰੰਟ ਵੀ ਜਾਰੀ ਕੀਤੇ ਸਨ।

ਪਰ ਹੁਣ ਹਾਈਕੋਰਟ ਦੇ ਜਸਟਿਸ ਅਨਿਲ ਸ਼ੇਤਰਪਾਲ ਨੇ SP ਬਲਜੀਤ ਸਿੰਘ ਨੂੰ ਅਗਾਉਂ ਜ਼ਮਾਨਤ ਦਿੰਦਿਆਂ ਲੋੜ ਪੈਣ ‘ਤੇ SIT ਦੀ ਵਿਸੇਸ਼ ਜਾਂਚ ਟੀਮ ਸਾਹਮਣੇ ਹਾਜਰ ਹੋਣ ਅਤੇ ਜਾਂਚ ਵਿੱਚ ਟੀਮ ਨੂੰ ਸਹਿਯੋਗ ਦੇਣ ਦੇ ਆਦੇਸ਼ ਜਾਰੀ ਕੀਤੇ ਹਨ।