Punjab

ਹਾਈਕੋਰਟ ਨੇ ਰੱਦ ਕੀਤੀ ਉਮਰਾਨੰਗਲ ਦੀ ਤਿੰਨ FIR ਪਟੀਸ਼ਨ

‘ਦ ਖ਼ਾਲਸ ਬਿਊਰੋ :- ਪੰਜਾਬ ਹਰਿਆਣਾ ਹਾਈਕੋਰਟ ਤੋਂ ਅੱਜ 17 ਅਕਤੂਬਰ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਾਮਜ਼ਦ ਹੋਏ ਮੁਲਜ਼ਮ IG ਪਰਮਰਾਜ ਉਮਰਾਨੰਗਲ ਨੂੰ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਉਮਰਾਨੰਗਲ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸਰਵਿਸ ਕੈਰੀਅਰ ਦੇ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਹੋਣ ਵਾਲੇ ਕਿਸੇ ਵੀ ਮਾਮਲੇ ਵਿੱਚ ਉਨ੍ਹਾਂ ਨੂੰ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇਗਾ, ਪਰ ਹਾਈਕੋਰਟ ਦੇ ਸਖ਼ਤ ਰੁੱਖ ਦੀ ਵਜ੍ਹਾਂ ਕਰਕੇ ਉਨ੍ਹਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਜਿਸ ਮਗਰੋਂ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ।

ਉਮਰਾਨੰਗਲ ਨੂੰ ਹਾਈਕੋਰਟ ਤੋਂ ਝਾੜ 

ਹਾਈਕੋਰਟ ਤੋਂ ਆਈਜੀ ਉਮਰਾਨੰਗਲ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਖ਼ਿਲਾਫ਼ ਤਿੰਨ FIR ਦਰਜ ਨੇ ਜੇਕਰ ਭਵਿੱਖ ਵਿੱਚ ਵੀ ਕੋਈ FIR ਦਰਜ ਕੀਤੀ ਜਾਵੇ ਤਾਂ ਕੋਈ ਵੀ ਕਾਰਵਾਹੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ 7 ਦਿਨ ਦਾ ਨੋਟਿਸ ਦਿੱਤਾ ਜਾਵੇ, ਉਮਰਾਨੰਗਲ ‘ਤੇ ਕੋਟਕਪੂਰਾ ਗੋਲੀਕਾਂਡ ਤੇ ਸੁਖਪਾਲ ਸਿੰਘ ਫਰਜ਼ੀ ਐਂਕਾਉਂਟਰ ਵਰਗੇ ਗੰਭੀਰ ਮਾਮਲੇ ਚੱਲ ਰਹੇ  ਹਨ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੁੱਛਿਆ ਕਿ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ, ਕਿ ਇਹ ਅਧਿਕਾਰ ਹਰ ਇੱਕ ਮੁਲਜ਼ਮ ਨੂੰ ਦਿੱਤਾ ਜਾਵੇ, ਪਰਮਰਾਜ ਉਮਰਾਨੰਗਲ ਨੇ ਇਹ ਪਟੀਸ਼ਨ ਸਾਬਕਾ DGP ਸੁਮੇਧ ਸਿੰਘ ਸੈਣੀ ਦੀ ਤਰਜ਼ ‘ਤੇ ਲਗਾਈ ਸੀ

ਉਮਰਾਨੰਗਲ ਖਿਲਾਫ ਖ਼ਿਲਾਫ਼ ਗੰਭੀਰ ਮਾਮਲੇ 

ਪੰਜਾਬ ਹਰਿਆਣਾ ਹਾਈਕੋਰਟ ਨੇ 2019 ਵਿੱਚ ਸੁਖਪਾਲ ਸਿੰਘ ਫਰਜ਼ੀ ਐਂਕਾਉਂਟਰ ਮਾਮਲੇ ਵਿੱਚ ਉਮਰਾਨੰਗਲ ਖ਼ਿਲਾਫ਼ ਜਾਂਚ ਦੇ ਲਈ SIT ਦਾ ਗਠਨ ਕੀਤਾ ਸੀ। ਜਿਸ ਦੀ ਜ਼ਿੰਮੇਵਾਰੀ ਸਿਧਾਰਥ ਚਟੋਪਧਿਆਏ ਨੂੰ ਸੌਂਪੀ ਗਈ ਸੀ,
ਦਰਅਸਲ ਮਾਮਲਾ ਸਾਲ 1994 ਦਾ ਹੈ, ਜਦੋਂ ਪਰਮਰਾਜ ਸਿੰਘ ਉਮਰਾਨੰਗਲ ਰੋਪੜ ਵਿਖੇ ਡੀਐਸਪੀ ਅਹੁਦੇ ‘ਤੇ ਤਾਇਨਾਤ ਸੀ, ਤਾਂ ਉਸ ਵੇਲੇ ਉਨ੍ਹਾਂ ਨੇ ਗੁਰਨਾਮ ਸਿੰਘ ਬੰਦਾਲਾ ਨਾਮ ਦੇ ਇੱਕ ਸ਼ਖ਼ਸ ਨੂੰ ਪੁਲਿਸ ਮੁਕਾਬਲੇ ‘ਚ ਮਾਰ ਦੇਣ ਦਾ ਦਾਅਵਾ ਕੀਤਾ ਸੀ, ਪਰ ਉਹ ਬੰਦਾਲਾ ਆਪ ਖੁਦ ਸਾਹਮਣੇ ਆ ਗਿਆ ਅਤੇ ਉਸ ਨੇ ਉਮਰਾਨੰਗਲ ਵੱਲੋਂ ਕੀਤੇ ਪੁਲਿਸ ਮੁਕਾਬਲੇ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਸੀ, ਮਾਮਲਾ ਭਖਿਆ ਤਾਂ ਉਸ ਤੋਂ 11 ਸਾਲ ਬਾਅਦ ਇਸ ਮਾਮਲੇ ਦੀ FIR ਦਰਜ ਕੀਤੀ ਗਈ ਸੀ। ਇਸ ਐਨਕਾਉਂਟਰ ‘ਚ ਮਾਰੇ ਗਏ ਸੁਖਪਾਲ ਸਿੰਘ ਨਾਂ ਦੇ ਨੌਜਵਾਨ ਦੇ ਪਰਿਵਾਰ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ। ਪੀੜਤ ਪਰਿਵਾਰ ਨੇ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਸੀ ਪਰ ਹਾਈਕੋਰਟ ਨੇ ਇਹ ਕੇਸ SIT ਨੂੰ ਸੌਂਪ ਦਿੱਤਾ। ਇਸ ਤੋਂ ਇਲਾਵਾ ਉਮਰਾਨੰਗਲ ਖਿਲਾਫ਼ ਕੋਟਕਪੂਰਾ ਗੋਲੀਕਾਂਡ ਵਿੱਚ ਵੀ SIT ਜਾਂਚ ਕਰ ਰਹੀ ਹੈ, ਇਸ ਮਾਮਲੇ ਵਿੱਚ ਉਨ੍ਹਾਂ ਨੂੰ ਫਿਲਹਾਲ ਜ਼ਮਾਨਤ ਮਿਲੀ ਹੋਈ ਹੈ