‘ਦ ਖ਼ਾਲਸ ਬਿਊਰੋ :- ਮੋਗਾ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਨਿਹਾਲ ਸਿੰਘ ਵਾਲਾ-ਬਾਘਾਪੁਰਾਣਾ ਡਿਫੈਂਸ ਰੋਡ ‘ਤੇ ਇੱਕ ਨੌਜਵਾਨ ਵੱਲੋਂ ਦੋ ਕੁੜੀਆਂ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਾਰਨ ਕੁੜੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਕੱਲ੍ਹ ਇਲਾਜ ਦੌਰਾਨ ਇਨ੍ਹਾਂ ਦੋਵਾਂ ਲੜਕੀਆਂ ਦੀ ਮੌਤ ਹੋ ਗਈ। ਇਨ੍ਹਾਂ ਲੜਕੀਆਂ ਦੀ ਪਛਾਣ ਅਮਨਪ੍ਰੀਤ ਅਤੇ ਕਮਲਪ੍ਰੀਤ ਵਜੋਂ ਹੋਈ ਹੈ, ਜੋ ਕਿ ਪਿੰਡ ਸੇਖਾ ਖੁਰਦ ਦੀਆਂ ਕਹਿਣ ਵਾਲੀਆਂ ਸਨ। ਇਹ ਦੋਵੇਂ ਹੀ ਸਕੀਆਂ ਭੈਣਾਂ ਸਨ। ਪੁਲਿਸ ਨੇ ਇਸ ਕਾਂਡ ਦੇ ਦੋਸ਼ੀ ਗੁਰਵੀਰ ਸਿੰਘ ਨੂੰ ਵੀ ਲੁਧਿਆਣਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਸੇਖਾ ਖ਼ੁਰਦ ਪਿੰਡ ਦਾ ਹੀ ਰਹਿਣ ਵਾਲਾ ਹੈ। ਘਟਨਾ ਨੂੰ ਅੰਜ਼ਾਮ ਦੇਣ ਸਮੇਂ ਵਰਤੀ ਗਈ ਅਲਟੋ ਕਾਰ ਵੀ ਉਸ ਕੋਲੋਂ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਥਾਨਕ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਸ ਕੋਲੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਵੀਰ ਸਿੰਘ ਨੇ ਬੱਸ ਅੱਡੇ ਤੋਂ ਮੀਟਰ ਦੀ ਦੂਰੀ ‘ਤੇ ਕਾਰ ਦੀ ਖਿੜਕੀ ਖੋਲ੍ਹ ਕੇ ਅਗਲੀ ਸੀਟ ‘ਤੇ ਬੈਠੀ ਇੱਕ ਲੜਕੀ ਨੂੰ ਧੱਕਾ ਦੇ ਦਿੱਤਾ। ਪਿਛਲੀ ਸੀਟ ‘ਤੇ ਬੈਠੀ ਦੂਜੀ ਲੜਕੀ ਨੇ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਅਤੇ ਫਰਾਰ ਹੋਣ ਦੀ ਕੋਸ਼ਿਸ਼ ਵਿੱਚ ਹੇਠਾਂ ਡਿੱਗ ਪਈ, ਜਿਸ ਤੋਂ ਬਾਅਦ ਨੌਜਵਾਨ ਨੇ ਰਿਵਾਲਵਰ ਨਾਲ ਦੋਵਾਂ ਲੜਕੀਆਂ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਹਮਲਾਵਰ ਜ਼ਖਮੀ ਲੜਕੀਆਂ ਨੂੰ ਸੜਕ ਕਿਨਾਰੇ ਛੱਡ ਕੇ ਮੌਕੇ ਤੋਂ ਭੱਜ ਗਿਆ। 

ਪੁਲਿਸ ਦੀ ਸ਼ੁਰੂਆਤੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਗੁਰਵੀਰ ਸਿੰਘ ਨੇ ਵੀ ਇਸ ਘਟਨਾ ਤੋਂ ਬਾਅਦ ਆਪਣੇ-ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੋਲੀਆਂ ਦੀ ਘਾਟ ਨਾਲ ਡਿੱਗ ਗਿਆ। ਇਸ ਘਟਨਾ ਲਈ ਵਰਤੀ ਗਈ ਕਾਰ ਵੀ ਉਸਦੇ ਨਾਮ ‘ਤੇ ਦਰਜ ਨਹੀਂ ਸੀ। ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤਿਆ ਗਿਆ ਰਿਵਾਲਵਰ ਵੀ ਉਸ ਨਾਲ ਸਬੰਧਤ ਨਹੀਂ ਸੀ। ਪੁਲਿਸ ਹਥਿਆਰ ਅਤੇ ਕਾਰ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *