‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਡੇਅਰੀ ਫਾਰਮਰਾਂ ਦੇ ਧੰਦੇ ਨੂੰ ਹੋਰ ਮਜਬੂਤੀ ਨਾਲ ਵਿਕਸਤ ਤੇ ਲਾਹੇਵੰਦ ਬਣਾਉਣ ਲਈ ਅੱਜ 13 ਅਗਸਤ ਨੂੰ ਕੈਪਟਨ ਸਰਕਾਰ ਵਲੋਂ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਕਿਸਾਨਾਂ ਨੂੰ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਦੀ ਲਾਗਤ ‘ਤੇ 40 ਫੀਸਦੀ ਦਰ ਤੱਕ ਸਬਸਿਡੀ ਦਿੱਤੀ ਜਾਵੇਗੀ।

ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹਰੇ ਚਾਰੇ ਦੀ ਪੈਦਾਵਾਰ ਤੇ ਸਾਂਭ ਸੰਭਾਲ ਦੇ ਮਸ਼ੀਨੀਕਰਨ ਲਈ ਸਰਕਾਰ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇ ਚਾਰੇ ਹੇਠ ਰਕਬਾ ਵਧਾ ਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਬਲਕਿ ਕਣਕ, ਝੋਨੇ ਦਾ ਰਕਬਾ ਵੀ ਘਟੇਗਾ, ਜਿਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ, ਸਗੋਂ ਰਵਾਇਤੀ ਫਸਲਾਂ ਦੇ ਮੰਡੀਕਰਨ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕੇਗਾ।

ਬਾਜਵਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਦੇ ਲਾਗੂ ਹੋਣ ਨਾਲ ਮਸ਼ੀਨ ਖਰੀਦਣ ਵਾਲੇ ਉੱਦਮੀ ਕਿਸਾਨਾਂ ਨੂੰ 5.60 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਰਕਾਰ ਵਲੋਂ ਮਿਲੇਗੀ। ਉਨ੍ਹਾਂ ਕਿਹਾ ਕਿ ਡੇਅਰੀ ਧੰਦੇ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਹੋਣੀ ਬਹੁਤ ਜਰੂਰੀ ਹੋਵੇਗੀ। ਪਰ ਇਹ ਆਮ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਮਹੀਨਿਆਂ ‘ਚ ਹੀ ਹਰਾ ਚਾਰਾ ਵਾਧੂ ਹੋ ਜਾਂਦਾ ਹੈ ਅਤੇ ਕਈ ਮਹੀਨਿਆਂ ਵਿੱਚ ਤੋਟ ਆ ਜਾਂਦੀ ਹੈ। ਵਾਧੂ ਹੋਏ ਹਰੇ ਚਾਰੇ ਤੋਂ ਸਾਈਲੇਜ਼ ਜਾਂ ਆਚਾਰ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਅਗਾਂਹਵਧੂ ਡੇਅਰੀ ਫਾਰਮਰ ਆਪਣੀ ਲੋੜ ਮੁਤਾਬਕ ਚਾਰੇ ਵਾਲੀ ਮੱਕੀ ਤੇ ਜਵੀ ਦਾ ਆਚਾਰ ਬਣਾ ਰਿਹਾ ਹੈ। ਪਰ ਟੋਏ ਜਾਂ ਬੰਕਰ ਵਿੱਚ ਬਣੇ ਇਸ ਆਚਾਰ ਨੂੰ ਇੱਕ ਤੋਂ ਦੂਜੀ ਥਾਂ ਲਿਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਆਚਾਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।

ਤ੍ਰਿਪਤ ਰਜਿੰਦਰ ਬਾਜਵਾ ਨੇ ਦੱਸਿਆ ਕਿ ਅਗਾਂਹਵਧੂ ਮੁਲਕਾਂ ਵਾਂਗ ਹੀ ਹੁਣ ਪੰਜਾਬ ਵਿੱਚ ਵੀ ਇਸ ਮੁਸ਼ਕਲ ਦਾ ਹੱਲ ਕੱਢ ਲਿਆ ਗਿਆ ਹੈ, ਹੁਣ ਨਵੀਨਤਮ ਮਸ਼ੀਨਾਂ ਰਾਹੀਂ ਤਿਆਰ ਕੀਤੇ ਸਾਈਲੇਜ਼ ਨੂੰ ਬੈਗਾਂ, ਟਿਊਬਾਂ ਤੇ ਗੱਠਾਂ ਵਿੱਚ ਤਿਆਰ ਕਰਕੇ ਛੋਟੇ, ਬੇਜਮੀਨੇ ਕਿਸਾਨਾਂ, ਸ਼ਹਿਰੀ ਡੇਅਰੀਆਂ ਤੇ ਹਰੇ ਚਾਰੇ ਦੀ ਘਾਟ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕੇਗਾ। ਇਸ ਨਾਲ ਛੋਟੇ ਤੇ ਸ਼ਹਿਰੀ ਡੇਅਰੀ ਫਾਰਮਰਾਂ ਨੂੰ ਵਾਜਬ ਕੀਮਤ ‘ਤੇ ਸਾਰਾ ਸਾਲ ਸੰਤੁਲਿਤ ਆਹਾਰ ਉਪਲਬਧ ਹੋਵੇਗਾ, ਅਤੇ ਇਸ ਦੇ ਨਾਲ ਹੀ ਬੇਰੁਜ਼ਗਾਰ ਨੌਜਵਾਨ ਜੋ ਮੱਕੀ ਦੇ ਆਚਾਰ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕਰਨਗੇ, ਨੂੰ ਰੁਜ਼ਗਾਰ ਹਾਸਲ ਹੋਵੇਗਾ।

ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼੍ਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਈਲੇਜ਼ ਬੇਲਰ ਮਸ਼ੀਨਾਂ ਲਈ ਅਖਬਾਰਾਂ ਵਿੱਚ ਐਕਸਪਰੈਸਨ ਆਫ ਇੰਟਰਸਟ ਦੇਣ ਉਪਰੰਤ ਕਾਰਨੈਸਟ ਐਗਰੀ ਪ੍ਰੋਡਕਟ ਪ੍ਰਾਈਵੇਟ ਲਿਮਿਟਡ (ਹੈਦਰਾਬਾਦ), ਨਵ ਭਾਰਤ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟਡ (ਆਂਧਰਾ ਪ੍ਰਦੇਸ), ਮੈਸ. ਬਖਸ਼ੀਸ਼ ਇੰਡਸਟਰੀਜ (ਬੱਸੀ ਪਠਾਣਾ), ਡਾਇਨਾਮਿਕ ਮਸ਼ੀਨਰੀ ਐਂਡ ਇਕਯੁਪਮੈਂਟ ਕੰਪਨੀ (ਲੁਧਿਆਣਾ), ਉਜਵਲਾ ਹਾਰਵੈਸਟਰ ਕਾਰਪੋਰੇਸਨ (ਆਂਧਰਾਪ੍ਰਦੇਸ) ਵਲੋਂ ਇਨਪੈਨਲਮੈਂਟ ਲਈ ਰੂਚੀ ਪ੍ਰਗਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗਠਿਤ ਮਾਹਿਰਾਂ ਦੀ ਐਕਸਪਰਟ ਕਮੇਟੀ ਵਲੋਂ ਕੰਪਨੀਆਂ ਦੀ ਆਫਰਾਂ ਦਾ ਮੁਲਾਂਕਣ ਕੀਤਾ ਗਿਆ ਤੇ ਇਨ੍ਹਾਂ ਮਸ਼ੀਨਾਂ ਦਾ ਫੀਲਡ ਟਰਾਇਲ ਲਿਆ ਗਿਆ ਸੀ। ਜਿਸ ਉਪਰੰਤ ਤਿੰਨ ਹੀ ਕੰਪਨੀਆਂ ਮੈਸ. ਉਜਵਲਾ ਹਾਰਵੈਸਟਰ ਕਾਰਪੋਰੇਸ਼ਨ, ਡਾਇਨਾਮਿਕ ਮਸ਼ੀਨਰੀ ਤੇ ਇਕਯੁਪਮੈਂਟ ਅਤੇ ਮੈਸ. ਬਖਸ਼ੀਸ਼ ਇੰਡਸਟਰੀਜ ਨੂੰ ਮਿਆਰਾਂ ਅਨੁਸਾਰ ਪਾਇਆ ਗਿਆ, ਜੋ ਕਿ 100 ਕਿਲੋ ਤੇ 500 ਕਿਲੋ ਦੀਆਂ ਗੱਠਾਂ ਬਣਾਉਂਦੀਆਂ ਹਨ।

ਬਾਜਵਾ ਨੇ ਸਮੂਹ ਦੁੱਧ ਉਤਪਾਦਕਾਂ ਤੇ ਉੱਦਮੀਆਂ ਨੂੰ ਬੇਨਤੀ ਕੀਤੀ ਕਿ ਇਸ ਸਕੀਮ ਦਾ ਭਰਪੂਰ ਲਾਹਾ ਲੈਣ ਲਈ ਉਹ ਆਪਣੇ ਜ਼ਿਲ੍ਹਾ ਪੱਧਰੀ ਜਾਂ ਰਾਜ ਪੱਧਰੀ ਦਫ਼ਤਰਾਂ ਨਾਲ ਸੰਪਰਕ ਕਰਨ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਵਿਭਾਗ ਦੀ ਹੈਲਪਲਾਈਨ 0172-5027285 ’ਤੇ ਕਾਲ ਕਰਨ।

Leave a Reply

Your email address will not be published. Required fields are marked *