India Punjab

ਲਾਕਡਾਊਨ ਦੇ ਖੌਫ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਮੁੜ ਡਰਾਇਆ, ਪੰਜਾਬ ਤੋਂ ਵਾਪਸ ਮੁੜਨੇ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਾਸੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਲਗਾਤਾਰ ਆਪਣੇ ਹੱਕਾਂ ਦੀ ਰਾਖੀ ਲਈ ਪ੍ਰਦਰਸ਼ਨ ਕਰ ਰਹੇ ਹਨ ਤਾਂ ਦੂਜੇ ਪਾਸੇ ਹੁਣ ਕਰੋਨਾ ਦੇ ਦੌਰ ਵਿੱਚ ਵਾਢੀ ਦੇ ਸਮੇਂ ਕਿਸਾਨਾਂ ਨੂੰ ਇੱਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੋਨਾ ਕਰਕੇ ਲਾਕਡਾਊਨ ਲੱਗਣ ਦੇ ਡਰ ਨਾਲ ਪਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਕਣਕ ਦੀ ਵਾਢੀ ਲਈ ਕਿਸਾਨ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਫੈਕਟਰੀ ਮਾਲਕ ਵੀ ਮਜ਼ਦੂਰਾਂ ਦੀ ਘਾਟ ਮਹਿਸੂਸ ਕਰਨ ਲੱਗ ਪਏ ਹਨ।

ਦੋਆਬਾ ਇਲਾਕੇ ਵਿੱਚ ਜ਼ਿਆਦਾਤਰ ਕਣਕ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਪਰ ਫਸਲ ਦੀ ਸੰਭਾਲ ਅਤੇ ਮੰਡੀਆਂ ਤੱਕ ਲੈ ਕੇ ਜਾਣ ਲਈ ਪਰਵਾਸੀ ਮਜ਼ਦੂਰ ਹੀ ਕੰਮ ਆਉਂਦੇ ਹਨ। ਇੱਕ ਰਿਪੋਰਟ ਮੁਤਾਬਕ ਪਿੰਡ ਜਗਨਪੁਰ ਤੋਂ ਆਪਣੇ ਘਰ ਜਾ ਰਹੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ ਸਾਲ ਲਾਕਡਾਊਨ ਲੱਗਣ ’ਤੇ ਆਵਾਜਾਈ ਬੰਦ ਹੋ ਗਈ ਸੀ ਅਤੇ ਉਹ ਆਪਣੇ ਘਰ ਨਹੀਂ ਜਾ ਸਕੇ ਸਨ। ਇਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਤੰਗੀ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਸੀ। ਇੱਕ ਹੋਰ ਮਜ਼ਦੂਰ ਨੇ ਕਿਹਾ ਕਿ ਪੰਜਾਬ ਅਤੇ ਹੋਰ ਥਾਂਵਾਂ ’ਤੇ ਲੱਗ ਰਹੇ ਰਾਤ ਦੇ ਕਰਫਿਊ ਅਤੇ ਹੋਰ ਪਾਬੰਦੀਆਂ ਤੋਂ ਜਾਪ ਰਿਹਾ ਹੈ ਕਿ ਸ਼ਾਇਦ ਛੇਤੀ ਹੀ ਲਾਕਕਡਾਊਨ ਲੱਗ ਸਕਦਾ ਹੈ। ਉਹ ਨਹੀਂ ਚਾਹੁੰਦੇ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣ।

ਕਿਸਾਨਾਂ ਦਾ ਵੀ ਕਹਿਣਾ ਹੈ ਕਿ ਕਾਫੀ ਪਰਵਾਸੀ ਮਜ਼ਦੂਰ ਪੰਜਾਬ ਤੋਂ ਵਾਪਸ ਜਾ ਰਹੇ ਹਨ, ਜਿਸ ਦਾ ਅਸਰ ਕਣਕ ਦੀ ਕਟਾਈ ’ਤੇ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਮਜ਼ਦੂਰ ਆਪਣੇ ਜੱਦੀ ਪਿੰਡਾਂ ਨੂੰ ਪਰਤਣ ਦੀ ਅੜੀ ਕਰ ਰਹੇ ਹਨ ਪਰ ਰੇਲ ਗੱਡੀਆਂ ਵਿੱਚ ਟਿਕਟਾਂ ਨਾ ਮਿਲਣ ਅਤੇ ਯੂਪੀ-ਬਿਹਾਰ ਨੂੰ ਜਾਣ ਵਾਲੀਆਂ ਨਿੱਜੀ ਬੱਸਾਂ ਵਿੱਚ ਵੀ ਸੀਟਾਂ ਨਾ ਮਿਲਣ ਕਾਰਨ ਉਹ ਹਾਲੇ ਇੱਥੇ ਰੁਕੇ ਹੋਏ ਹਨ।