‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਬਹੁਤ ਹੀ ਅਫਸੋਸਜਨਕ ਬਿਆਨ ਦਿੱਤਾ ਹੈ। SGPC ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ ਪਰ ਉਸਦੀ ਪ੍ਰਧਾਨ ਇੰਨਾ ਵੱਡਾ ਝੂਠ ਬੋਲੇਗੀ, ਇਹ ਬਹੁਤ ਦੁਖਦਾਈ ਗੱਲ ਹੈ।

ਉਨ੍ਹਾਂ ਕਿਹਾ ਕਿ SGPC ਦਾ ਇਸ ਅੰਦੋਲਨ ਨਾਲ ਕੋਈ ਵਾਸਤਾ ਨਹੀਂ ਹੈ ਪਰ ਫਿਰ ਵੀ ਉਸਨੇ ਕਿਹਾ ਕਿ ਇਹ ਅੰਦੋਲਨ ਸਾਡਾ ਹੈ ਅਤੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਅੱਗੇ ਲਗਾਇਆ ਹੋਇਆ ਹੈ। ਰਾਜੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਸਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਉਸਦੇ ਖਿਲਾਫ ਝੂਠ ਬੋਲਣ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਝੂਠੇ ਰਾਜਨੀਤਿਕ ਬਿਆਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ‘ਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਕੇਸ ਦਾ ਸਾਡੇ ਕੋਲ ਹਾਲੇ ਤੱਕ ਕੋਈ ਦਸਤਾਵੇਜ਼ ਨਹੀਂ ਆਇਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਅੱਜ ਸੰਤ ਬਾਬਾ ਰਾਮ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਦੇ ਲਈ ਦੋ ਘੰਟਿਆਂ ਲਈ ਸਟੇਜ ‘ਤੇ ਕੀਰਤਨ ਕੀਤਾ ਗਿਆ। ਕੱਲ੍ਹ ਬਾਬਾ ਜੀ ਦਾ ਸਸਕਾਰ ਉਨ੍ਹਾਂ ਦੇ ਗੁਰਦੁਆਰਾ ਨਾਨਕਸਰ ਸਿੰਘੜਾ ਵਿਖੇ ਕੀਤਾ ਜਾਵੇਗਾ। ਕੁੱਝ ਕਿਸਾਨ ਲੀਡਰ ਵੀ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਹਾਜ਼ਰੀ ਭਰਨਗੇ।

ਕਿਸਾਨ ਲੀਡਰਾਂ ਨੇ ਕਿਹਾ ਕਿ ਚਿੱਲਾ ਬਾਰਡਰ (ਯੂ.ਪੀ.) ‘ਤੇ ਸੰਯੁਕਤ ਕਿਸਾਨ ਮੋਰਚਾ ਦੇ ਇੱਕ ਕਿਸਾਨ ਲੀਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 350 ਔਰਤਾਂ ‘ਤੇ ਲਾਠੀਚਾਰਜ ਕੀਤਾ ਗਿਆ। ਵੱਖ-ਵੱਖ ਸੂਬਿਆਂ ਤੋਂ ਆ ਰਹੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਜ਼ਿੱਦੀ ਰਵੱਈਆ ਅਪਣਾ ਰਹੀ ਹੈ।

Leave a Reply

Your email address will not be published. Required fields are marked *