India Punjab

ਕਿਸਾਨ ਲੀਡਰ ਦਰਸ਼ਨਪਾਲ ਨੇ ਕੱਲ੍ਹ ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਨੂੰ ਨਾ ਰੋਕਣ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਦਰਸ਼ਨ ਪਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੱਲ੍ਹ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਇਆਂ ਚਾਰ ਮਹੀਨੇ ਪੂਰੇ ਹੋ ਚੱਲੇ ਹਨ ਅਤੇ ਇਨ੍ਹਾਂ ਚਾਰ ਮਹੀਨਿਆਂ ਨੂੰ ਪੂਰਾ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਕੱਲ੍ਹ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕੱਲ੍ਹ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਭਾਰਤ ਬੰਦ ਰਹੇਗਾ। ਇਸ ਬੰਦ ਵਿੱਚ ਪੂਰੇ ਬਾਜ਼ਾਰ, ਸੜਕੀ ਆਵਾਜਾਈ, ਰੇਲ ਮਾਰਗ, ਦੁੱਧ, ਸਬਜ਼ੀਆਂ ਦੀ ਸਪਲਾਈ ਵੀ ਬੰਦ ਰਹੇਗੀ। ਇਸ ਬੰਦ ਨੂੰ ਸਫਲ ਬਣਾਉਣ ਵਾਲੇ ਕਿਸਾਨ ਸਾਥੀ ਜਾਂ ਹੋਰ ਲੋਕ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜ਼ੀ, ਜ਼ੋਰ-ਜ਼ਬਰਦਸਤੀ ਨਾ ਕਰਨ। ਲੋਕਾਂ ਨੂੰ ਬਾਜ਼ਾਰ, ਕਾਰੋਬਾਰ ਬੰਦ ਕਰਨ ਲਈ ਅਸੀਂ ਸਿਰਫ ਅਪੀਲ ਕਰਨੀ ਹੈ, ਕੋਈ ਦਬਾਅ ਨਹੀਂ ਪਾਉਣਾ। ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਇਸਦੇ ਨਾਲ ਹੀ ਪੰਜਾਬ ਤੋਂ ਜੋ ਲੋਕ ਹੋਲਾ-ਮਹੱਲਾ ਲਈ ਜਾ ਰਹੇ ਹਨ, ਉਨ੍ਹਾਂ ਨੂੰ ਰਸਤਾ ਦਿੱਤਾ ਜਾਵੇਗਾ, ਉਨ੍ਹਾਂ ਦੀਆਂ ਟਰੈਕਟਰ-ਟਰਾਲੀਆਂ ਨਹੀਂ ਰੋਕੀਆਂ ਜਾਣਗੀਆਂ। ਭਾਰਤ ਬੰਦ ਦੀ ਕਾਮਯਾਬੀ ਲਈ ਸ਼ਾਂਤੀ ਬਣਾਈ ਰੱਖਣੀ ਹੈ।