India Punjab

ਸੰਘਰਸ਼ਸ਼ੀਲ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਦਿਲਜੀਤ ਨੇ ਚੁੱਪ-ਚੁਪੀਤੇ ਦਿੱਤੇ 1 ਕਰੋੜ, ਸ਼ਹੀਦ ਕਿਸਾਨਾਂ ਨੂੰ ਵੀ 20 ਲੱਖ ਦੀ ਮਦਦ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਇੱਕ ਕਰੋੜ ਰੁਪਏ ਦੀ ਆਰਥਕ ਮਦਦ ਦਿੱਤੀ ਹੈ। ਇਸ ਸਬੰਧੀ ਦਿਲਜੀਤ ਵੱਲੋਂ ਕੋਈ ਬਿਆਨ ਨਹੀਂ ਆਇਆ ਪਰ ਪੰਜਾਬੀ ਗਾਇਕ ਸਿੰਘਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸਿੰਘਾ ਨੇ ਇੱਕ ਵੀਡੀਓ ਸਾਂਢੀ ਕਰਕੇ ਦਿਲਜੀਤ ਵੱਲੋਂ 1 ਕਰੋੜ ਰੁਪਏ ਦਿੱਤੇ ਜਾਣ ਦਾ ਖੁਲਾਸਾ ਕਰਦਿਆਂ ਉਸ ਦਾ ਧੰਨਵਾਦ ਵੀ ਕੀਤਾ ਹੈ। ਇਨ੍ਹਾਂ ਪੈਸਿਆਂ ਤੋਂ ਕਿਸਾਨਾਂ ਨੂੰ ਗਰਮ ਕੱਪੜੇ ਤੇ ਕੰਬਲ ਦਿੱਤੇ ਜਾਣਗੇ।

ਸਿੰਗਾ ਨੇ ਵੀਡੀਓ ‘ਚ ਕਿਹਾ, ‘ਦਿਲਜੀਤ ਦੁਸਾਂਝ ਨੂੰ ਸਲਾਮ ਹੈ। ਕਿਸਾਨਾਂ ਲਈ, ਉਨ੍ਹਾਂ ਦੇ ਗਰਮ ਕੱਪੜਿਆਂ ਲਈ 1 ਕਰੋੜ ਰੁਪਏ ਦਿੱਤੇ ਵੀਰੇ ਨੇ। ਕਿਸੇ ਨੂੰ ਪਤਾ ਨਹੀਂ ਹੈ, ਪੋਸਟ ਨਹੀਂ ਪਾਈ ਵੀਰੇ ਨੇ। ਅੱਜ ਕਿਸੇ ਨੇ ਜੇ 10 ਰੁਪਏ ਦੇਣੇ ਹੋਣ ਤਾਂ ਪੋਸਟਾਂ ਪਾ-ਪਾ ਕਮਲੇ ਕਰ ਦਿੰਦਾ ਹੈ। ਤੁਹਾਨੂੰ ਬਹੁਤ ਸਾਰਾ ਪਿਆਰ ਵੀਰੇ, ਜਿੱਤ ਲਿਆ ਤੁਸੀਂ।’

ਦੱਸ ਦੇਈਏ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਦਿੱਲੀ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਸੀ। ਹਾਲਾਂਕਿ ਇਹ ਚੈੱਕ ਕਿਸਾਨ ਜੱਥੇਬੰਦੀਆਂ ਵਲੋਂ ਲੈਣ ਤੋਂ ਇਹ ਕਹਿੰਦਿਆਂ ਮਨ੍ਹਾ ਕਰ ਦਿੱਤਾ ਗਿਆ ਸੀ ਕਿ ਜੇ ਸ਼ਹੀਦ ਹੋਏ ਕਿਸਾਨਾਂ ਦੇ ਘਰ ਜਾ ਕੇ ਦਿਲਜੀਤ ਆਪ ਇਹ ਮਦਦ ਉਨ੍ਹਾਂ ਤਕ ਪਹੁੰਚਾਵੇ ਤਾਂ ਉਨ੍ਹਾਂ ਨੂੰ ਵਧੇਰੇ ਖ਼ੁਸ਼ੀ ਹੋਵੇਗੀ।

Comments are closed.