‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਸੱਤਾ ਧਿਰ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਲੰਬੀ ਤੋਂ ਚੋਣ ਲੜਨ ਵਾਲੇ ਬਿਆਨ ਦਾ ਅਕਾਲੀ ਦਲ ਨੇ ਤਿੱਖਾ ਜਵਾਬ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਧਰਮਸੋਤ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਧਰਮਸੋਤ ਪਹਿਲਾਂ ਲੰਬੀ ਦਾ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਲਵੇ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਬਾਦਲ ਦੇ ਖਿਲਾਫ ਲੜ ਕੇ ਹਾਰ ਚੁੱਕੇ ਹਨ ਅਤੇ ਰਵਨੀਤ ਸਿੰਘ ਬਿੱਟੂ ਸੁਖਬੀਰ ਸਿੰਘ ਬਾਦਲ ਤੋਂ ਹਾਰ ਚੁੱਕੇ ਹਨ। ਹੁਣ ਜੇ ਤੁਹਾਨੂੰ ਵੀ ਖੁਰਕ ਹੁੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਵੀ ਆ ਜਾਇਉ, ਤੁਹਾਡਾ ਵੀ ਭੁਲੇਖਾ ਕੱਢ ਦਿਆਂਗੇ। ਪਰ ਪਹਿਲਾਂ CBI ਜਾਂਚ ਕਰਾ ਕੇ ਆਇਉ, ਕਿਉਂਕਿ ਹੋ ਸਕਦਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਤੁਹਾਨੂੰ ਸਲਾਖਾਂ ਦੇ ਪਿੱਛੇ ਜਾਣਾ ਪਵੇ’।

ਇਨਾਂ ਹੀ ਨਹੀਂ, ਚੀਮਾ ਨੇ ਕਿਹਾ ਕਿ ‘ਸਾਧੂ ਸਿੰਘ ਧਰਮਸੋਤ ਦੇ ਖਿਲਾਫ ਗਰੀਬ ਬੱਚਿਆਂ ਦੇ, SC, BC ਬੱਚਿਆਂ ਦੇ ਪੈਸੇ ਖਾਣ ਦੇ ਗੰਭੀਰ ਦੋਸ਼ ਲੱਗੇ ਹਨ। ਇਸਦੇ ਬਾਵਜੂਦ ਵੀ ਜੇ ਧਰਮਸੋਤ ਅੰਦਰ ਮਾੜੀ-ਮੋਟੀ ਅਣਖ ਹੋਵੇ ਤਾਂ ਉਹ ਘਰੋਂ ਬਾਹਰ ਨਾ ਨਿਕਲਦਾ, ਪਰ ਹੈਰਾਨੀ ਦੀ ਗੱਲ ਹੈ ਕਿ ਧਰਮਸੋਤ ਸਿੰਘ ਹੀਰੋ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਨ ਦੀ ਚੁਣੌਤੀ ਦੇ ਰਿਹਾ ਹੈ’।

ਸਾਧੂ ਸਿੰਘ ਧਰਮਸੋਤ ਨੇ ਅੱਜ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਜਿੱਥੋਂ ਸੁਖਬੀਰ ਬਾਦਲ ਚੋਣ ਲੜਨਗੇ, ਉੱਥੋਂ ਹੀ ਮੈਂ ਵੀ ਚੋਣ ਲੜਾਂਗਾ’। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਬਹਿਸ ਕਰਨ ਦਾ ਚੈਲੇਂਜ ਕੀਤਾ ਹੈ। ਧਰਮਸੋਤ ਨੇ ਆਪਣੇ ‘ਤੇ ਲੱਗੇ ਵਜ਼ੀਫਾ ਘੁਟਾਲੇ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਜਾਂਚ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਚੁੱਕਾ ਹੈ। ਮੇਰੇ ‘ਤੇ ਲੱਗੇ ਇਲਜ਼ਾਮ ਝੂਠੇ ਹਨ’।

Leave a Reply

Your email address will not be published. Required fields are marked *