Punjab

ਸੂਬੇ ‘ਚ ਡੇਰਿਆ ਨੂੰ ‘CLU ਲੈਣ ਵਾਸਤੇ ਨਹੀਂ ਦੇਣੀ ਪਵੇਗੀ ਫੀਸ, ਕੈਪਟਨ ਨੇ ਕੀਤੇ ਚਾਰ ਵੱਡੇ ਐਲਾਨ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਸੂਬੇ ਲਈ ਕੁੱਝ ਅਹਿਮ ਫੈਸਲੇ ਕੀਤੇ ਹਨ। ਕੈਪਟਨ ਮੀਟਿੰਗ ‘ਚ ਰਾਧਾਸਵਾਮੀ ਸਤਿਸੰਗ ਬਿਆਸ ਦੇ ਸਾਰੇ ਡੇਰਿਆਂ ਤੇ ਭਵਿੱਖ ਵਿੱਚ ਬਣਨ ਵਾਲੇ ਹੋਰ ਡੇਰਿਆਂ ਨੂੰ (Change of Land Use ) ਦੀ ਫੀਸ ਲੈਣ ਤੋਂ ਛੋਟ ਦਾ ਐਲਾਨ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਕੈਪਟਨ ਨੇ CLU ਸਮੇਤ ਹੋਰ ਸਾਰੀਆਂ ਫੀਸਾਂ ਤੋਂ ਵੀ ਛੋਟ ਦੇ ਦਿੱਤੀ ਹੈ ਜਿਸ ਤਹਿਤ ਹੁਣ ਪੂਰੇ ਸੂਬੇ ਵਿੱਚ ਰਾਧਾਸਵਾਮੀ ਸਤਿਸੰਗ ਬਿਆਸ ਨਾਲ ਸਬੰਧਿਤ ਸਾਰੇ ਡੇਰਿਆਂ ਨੂੰ CLU ਲੈਣ ਵਾਸਤੇ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ।

CLU ਦਰਅਸਲ ਉਹ ਸਰਟੀਫਿਕੇਟ ਹੁੰਦਾ ਹੈ ਜੋ ਕਿਸੇ ਵੀ ਜ਼ਮੀਨ ਨੂੰ ਕਿਸੇ ਦੂਸਰੇ ਮਕਸਦ ਲਈ ਵਰਤਣ ਵਾਸਤੇ ਲਿਆ ਜਾਂਦਾ ਹੈ ਉਦਾਰਣ ਵਜੋਂ ਜੇ ਕਿਸੇ ਖੇਤੀ ਯੋਗ ਜ਼ਮੀਨ ‘ਤੇ ਕੋਈ ਉਦਯੋਗਿਕ ਕੰਮ ਸ਼ੁਰੂ ਕਰਨ ਲਈ ਜਾਂ ਕੋਈ ਹੋਰ ਕੰਮ ਕਰਨ ਲਈ ਸਰਕਾਰ ਤੋਂ CLU ਯਾਨਿ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਇਸ ਲਈ ਬਿਨੈਕਾਰ ਨੂੰ ਫੀਸ ਭਰਨੀ ਪੈਂਦੀ ਹੈ। ਪੰਜਾਬ ਸਰਕਾਰ ਨੇ ਹੁਣ ਡੇਰਿਆਂ ਨੂੰ CLU ਤੋਂ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਹੈ।

15ਵੇਂ ਵਿੱਤ ਕਮਿਸ਼ਨ ਦੀਆਂ ਬੰਨੀਆਂ ਗਰਾਂਟਾਂ ਤਹਿਤ ਪੇਂਡੂ ਪਾਈਪ ਪਾਣੀ ਤੇ ਸੈਨੀਟੇਸ਼ਨ ਲਈ ਤਰਜੀਹ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਸਾਲ 2022 ਤੱਕ ਸਰਵ ਵਿਆਪਕ ਪਾਈਪਾਂ ਦੇ ਟੀਚੇ ਨੂੰ ਪੂਰਾ ਕਰਨ ਅਤੇ 5 ਸਾਲਾਂ ਵਿੱਚ ਖੁੱਲੇ ਵਿੱਚ ਸ਼ੋਚ ਮੁਕਤ ਰਾਜ ਬਣਾਉਣ ‘ਤੇ ਜ਼ੋਰ ਦਿੱਤਾ।

ਰਾਜ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਤ ਕਰਨ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸਥਾਪਨਾ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਲਈ ਨਿਰਮਾਣ ਅਧੀਨ ਖੇਤਰ ਦੀ ਸਥਿਤੀ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

ਕੈਪਟਨ ਨੇ ਬਿਆਸ-ਮਹਿਤਾ-ਬਟਾਲਾ-ਡੇਰਾ ਬਾਬਾ ਨਾਨਕ ਸੜਕ ਪ੍ਰਾਜੈਕਟ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੀ ਯਾਦਗਾਰ ਵਜੋਂ ਅਪਗ੍ਰੇਡੇਸ਼ਨ ਕਰਨ ‘ਤੇ ਸਰਕਾਰ ਵੱਲੋਂ ਪ੍ਰਸਤਾਵ ਨੂੰ ਪ੍ਰਵਾਨ ਕਰਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ।