Punjab

ਪੰਜਾਬ ਵਿੱਚ ਮੀਂਹ ਹਨੇਰੀ ਦਾ ਕਹਿਰ-ਪੱਕੀ ਕਣਕ ਹੋਈ ਢਹਿ-ਢੇਰੀ, ਕਈ ਥਾਈਂ ਬਿਜਲੀ ਠੱਪ

ਫੋਟੋ ਕ੍ਰੈਡਿਟ-ਟ੍ਰਿਬਿਊਨ ਨਿਊਜ਼ ਸਰਵਿਸ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਵਿੱਚ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਕਣਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਥਾਈਂ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਵੀ ਟੁੱਟੇ ਹਨ। ਇਸ ਕਾਰਨ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਹੋਣ ਨਾਲ ਬਿਜਲੀ ਗੁੱਲ ਹੋਈ ਹੈ। ਸਭ ਤੋਂ ਵੱਧ ਨੁਕਸਾਨ ਮਾਲਵਾ ਖੇਤਰ ਵਿੱਚ ਹੋਇਆ ਹੈ।

ਬਠਿੰਡਾ ਵਿੱਚ ਵਿੱਚ ਖੇਤਾਂ ’ਚ ਪੱਕੀ ਖੜ੍ਹੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਝੱਖੜ ਨਾਲ ਬਹੁਤ ਸਾਰੇ ਦਰੱਖਤ ਟੁੱਟ ਗਏ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਇਸੇ ਤਰ੍ਹਾਂ ਬਠਿੰਡਾ, ਮਾਨਸਾ, ਮੁਕਤਸਰ, ਮੋਗਾ, ਫਰੀਦਕੋਟ ਆਦਿ ਜ਼ਿਲ੍ਹਿਆਂ ਦੇ ਵਿੱਚ ਵੀ ਬੱਦਲ ਛਾਏ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ ਦਾ ਨਿਰੀਖਣ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਹੈ।

ਲੰਬੀ ਹਲਕੇ ਵਿੱਚ ਵੀ ਮੀਂਹ ਤੇ ਹਨੇਰੀ ਕਾਰਨ ਦਰੱਖਤ ਡਿੱਗੇ ਹਨ ਤੇ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ-9 ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਮਲੋਟ ’ਚ ਡਿਊਟੀ ਤੋਂ ਪਰਤਦੇ ਸਮੇਂ ਪੁਲੀਸ ਕਾਂਸਟੇਬਲ ਦੀਪ ਵਾਸੀ ਲਾਲਬਾਈ ਦੀ ਕਾਰ ’ਤੇ ਦਰੱਖਤ ਡਿੱਗ ਪਿਆ, ਜਿਸ ਕਾਰਨ ਉਸ ਦੀ ਕਾਰ ’ਚ ਬੈਠਾ ਇੱਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਇਹ ਘਟਨਾ ਅਬੁੱਲਖੁਰਾਣਾ ਨੇੜੇ ਵਾਪਰੀ ਦੱਸੀ ਜਾਂਦੀ ਹੈ।

ਮਾਨਸਾ ਤੇ ਨੇੜਲੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਵਾਢੀ ਦਾ ਕੰਮ ਰੁੱਕ ਗਿਆ ਹੈ। ਇਥੇ ਰਾਤੀ ਕਰੀਬ ਨੌਂ ਵਜੇ ਅਚਾਨਕ ਸ਼ੁਰੂ ਹੋਈ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ। ਇਸ ਦੌਰਾਨ ਕੁਝ ਥਾਵਾਂ ’ਤੇ ਕਣਕ ਦੀ ਪੱਕੀ ਫ਼ਸਲ ਨੁਕਸਾਨੀ ਗਈ। ਹਾਲਾਂਕਿ ਅਧਿਕਾਰਤ ਤੌਰ ’ਤੇ ਨੁਕਸਾਨ ਸਬੰਧੀ ਰਿਪੋਰਟਾਂ ਭਲਕੇ ਬੁੱਧਵਾਰ ਨੂੰ ਹੀ ਮਿਲ ਸਕਣਗੀਆਂ। ਆਮ ਤੌਰ ’ਤੇ ਪਹਿਲੀ ਅਪਰੈਲ ਤੋਂ ਸ਼ੁਰੂ ਹੁੰਦੀ ਕਣਕ ਦੀ ਸਰਕਾਰੀ ਖ਼ਰੀਦ ਐਤਕੀਂ 10 ਅਪਰੈਲ ਤੋਂ ਸ਼ੁਰੂ ਹੋਣੀ ਹੈ। ਜਿਸ ਕਰਕੇ ਬਹੁਤੇ ਥਾਈਂ ਕਣਕ ਦੀ ਫ਼ਸਲ ਪੱਕ ਜਾਣ ਦੇ ਬਾਵਜੂਦ ਕਿਸਾਨਾਂ ਨੇ ਵੱਢਣੀ ਸ਼ੁਰੂ ਨਹੀਂ ਕੀਤੀ। ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਨੇਰੀ ਤੇ ਮੀਂਹ ਨਾਲ਼ ਹੋਏ ਨੁਕਸਾਨ ਦਾ ਮੁਆਵਜ਼ਾ ਯਕੀਨੀ ਬਣਾਇਆ ਜਾਵੇ।

ਯੂਥ ਅਕਾਲੀ ਦਲ ਦਾ ਪੰਡਾਲ ਤਹਿਸ-ਨਹਿਸ ਕੀਤਾ, ਰੈਲੀ ਰੱਦ

ਤੇਜ਼ ਮੀਂਹ ਕਾਰਨ ਅੱਜ ਲੰਬੀ ਵਿੱਚ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਯੂਥ ਦੀ ਰੈਲੀ ਦਾ ਪੰਡਾਲ ਨੁਕਸਾਨਿਆਂ ਗਿਆ ਹੈ। ਯੂਥ ਅਕਾਲੀ ਦਲ ਨੇ ਪਾਰਟੀ ਹਾਈ ਕਮਾਂਡ ਨਾਲ ਮਸ਼ਵਰੇ ਮਗਰੋਂ ਰੈਲੀ ਰੱਦ ਕਰ ਦਿੱਤੀ ਹੈ।