‘ਦ ਖ਼ਾਲਸ ਬਿਊਰੋ :- ਭਾਰਤ ‘ਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਪੰਜਾਬ ਸਣੇ ਸੱਤ ਰਾਜਾਂ ਦੇ ਹਾਲਾਤ ਦੀ ਸਮੀਖਿਆ ਲੈਣ ਲਈ ਅੱਜ 23 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਤਰੀਆਂ ਨੂੰ ਸੰਬੋਧਨ ਕਰਨਗੇ। ਹੋਰਨਾਂ ਰਾਜਾਂ ਵਿੱਚ ਜਿਵੇਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਦਿੱਲੀ ਸ਼ਾਮਲ ਹਨ। ਇਨ੍ਹਾਂ ਰਾਜਾਂ ਵਿੱਚ ਕੋਰੋਨਾ ਕਰਕੇ ਮਰਨ ਵਾਲੇ ਤੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਦੂਜੇ ਰਾਜਾਂ ਦੇ ਮੁਕਾਬਲੇ ਵੱਧ ਹੈ। ਪ੍ਰਧਾਨ ਮੰਤਰੀ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਨਗੇ। ਦੇਸ਼ ਦੇ 63 ਫੀਸਦੀ ਤੋਂ ਵੱਧ ਕੇਸ ਇਨ੍ਹਾਂ ਸੱਤ ਰਾਜਾਂ ਵਿੱਚ ਹਨ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕ ਦੀ ਇਸ ਮੀਟਿੰਗ ਦੌਰਾਨ ਦੂਜੇ ਸੂਬਿਆਂ ਤੋਂ ਆਕਸੀਜਨ ਸਪਲਾਈ ਵਧਾਉਣ ਦਾ ਮਾਮਲਾ ਉਠਾਉਣਗੇ। ਉਹ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਨ ਸਬੰਧੀ ਅਪੀਲ ਕਰਨਗੇ ਕਿਉਂਕਿ ਇਹ ਪੰਜਾਬ ਸੂਬੇ ਲਈ ਮੈਡੀਕਲ ਆਕਸੀਜਨ ਸਪਲਾਈ ਦੇ ਮੁੱਖ ਸਰੋਤ ਹਨ।

ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਆਉਂਦੇ ਹਫਤਿਆਂ ’ਚ ਕੋਵਿਡ ਕੇਸਾਂ ਦੀ ਗਿਣਤੀ ’ਚ ਵਾਧਾ ਹੋਣ ਅਤੇ ਕੌਮੀ ਔਸਤ ਨਾਲੋਂ ਪੰਜਾਬ ਵਿੱਚ ਕੋਵਿਡ-19 ਨਾਲ ਮੌਤਾਂ ਦੀ ਦਰ ਵਧਣ ’ਤੇ ਫ਼ਿਕਰ ਜ਼ਾਹਿਰ ਕੀਤਾ ਹੈ। ਉਨ੍ਹਾਂ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਸਹੂਲਤਾਂ ਵਧਾਉਣ ਤੇ ਆਕਸੀਜਨ ਦੀ ਪੂਰਤੀ ਯਕੀਨੀ ਬਣਾਉਣ ਲਈ ਸੂਬੇ ਦੇ ਅੰਦਰੋਂ-ਬਾਹਰੋਂ ਮੈਡੀਕਲ ਆਕਸੀਜਨ ਸਪਲਾਈ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੇਸ ਮੌਤ ਦਰ ਮੌਜੂਦਾ ਸਮੇਂ 2.89 ਫ਼ੀਸਦੀ ਹੈ ਅਤੇ ਤੇਜ਼ੀ ਨਾਲ ਥੱਲੇ ਆ ਰਹੀ ਹੈ, ਪਰ ਅਜੇ ਕੌਮੀ ਔਸਤ ਨਾਲੋਂ ਵੱਧ ਹੈ ਅਤੇ ਇਨ੍ਹਾਂ 13 ਜ਼ਿਲ੍ਹਿਆਂ ਵਿੱਚੋਂ ਇਹ ਅੰਕੜੇ ਸਭ ਤੋਂ ਵੱਧ ਹਨ। ਡਾ. ਕੇ.ਕੇ.ਤਲਵਾੜ ਨੇ ਪੂਰੇ ਸੂਬੇ ਵਿੱਚ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਜ਼ੋਰ ਦਿੱਤਾ। ਕੈਬਨਿਟ ਮੰਤਰੀ ਬਲਬੀਰ ਸਿੱਧੂ ਅਤੇ ਓ.ਪੀ.ਸੋਨੀ ਨੇ ਜ਼ੋਰ ਦਿੱਤਾ ਕਿ ਆਕਸੀਜਨ ਉਦਯੋਗਾਂ ਪਾਸੋਂ ਲੈ ਲਈ ਜਾਵੇ ਜਦੋਂਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਰੁੜਕੇਲਾ ਤੋਂ ਆਕਸੀਜਨ ਹਾਸਲ ਕਰਨ ਲਈ ਵੀ ਯਤਨ ਚੱਲ ਰਹੇ ਹਨ।

ਮੀਟਿੰਗ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕੋਵਿਡ ਮਰੀਜ਼ਾਂ ਲਈ ‘ਕੋਵਿਡ ਫ਼ਤਹਿ ਕਿੱਟ’ ਦੀ ਸ਼ੁਰੂਆਤ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਬਾਇਓਟੈੱਕ ਲਿਮਟਿਡ ਵੱਲੋਂ ICMR ਦੇ ਸਹਿਯੋਗ ਨਾਲ ਪਰਖ ਅਧੀਨ ਕੋਵੈਕਸੀਨ ਦੇ ਤੀਜੇ ਪੜਾਅ ਵਿੱਚ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਇਸ ਦੇ ਟਰਾਇਲ ਵਿੱਚ ਹਿੱਸਾ ਲੈਣਗੇ।

Leave a Reply

Your email address will not be published. Required fields are marked *