India Punjab

ਕਾਂਗਰਸ ਨੇ ਜਾਰੀ ਕੀਤੀ ਬਿਹਾਰ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ

‘ਦ ਖ਼ਾਲਸ ਬਿਊਰੋ:- ਕਾਂਗਰਸ ਪਾਰਟੀ ਨੇ ਬਿਹਾਰ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਣਦੀਪ ਸੁਰਜੇਵਾਲਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।  ਸਟਾਰ ਪ੍ਰਚਾਰਕ ਦੇ ਰੂਪ ਵਜੋਂ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੂੰ ਇਸ ਸੂਚੀ ‘ਚ ਜਗ੍ਹਾ ਨਹੀਂ ਮਿਲੀ।

30 ਸਟਾਰ ਪ੍ਰਚਾਰਕਾਂ ਦੀ ਇਸ ਸੂਚੀ ‘ਚ ਕਾਂਗਰਸ ਦੇ ਹੋਰ ਵੀ ਕਈ ਵੱਡੇ ਆਗੂ ਮੌਜੂਦ ਹਨ।  ਮੋਗਾ ਦੇ ਬੱਧਨੀ ਕਲਾਂ ‘ਚ ਲੰਮੇ ਸਮੇਂ ਤੋਂ ਬਾਅਦ ਸਿੱਧੂ ਖੁੱਲ ਕੇ ਬੋਲਦੇ ਨਜ਼ਰ ਆਏ ਸਨ। ਸਿੱਧੂ ਦੀ ਲਲਕਾਰ ਨੇ ਕਾਂਗਰਸ ’ਚ ਤਕਰਾਰ ਅਜਿਹੀ ਪੈਦਾ ਕੀਤੀ ਕਿ ਕਾਂਗਰਸ ਅੰਦਰ ਚੱਲ ਰਹੀ ਕੋਲਡ ਵਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੱਤੀ ਹੈ ਕਿ ਸਿੱਧੂ ਕਾਂਗਰਸ ‘ਤੇ ਹੀ ਸਵਾਲ ਚੁੱਕਦੇ ਰਹਿੰਦੇ ਹਨ। ਇਸ ਲਈ ਉਹ ਵੱਖਰੀ ਪਾਰਟੀ ਬਣਾਉਣ।

ਕੋਰੋਨਾ ਮਹਾਂਮਾਰੀ ਦਰਮਿਆਨ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤਿੰਨ ਪੜਾਵਾਂ ‘ਚ ਕੁੱਲ 243 ਸੀਟਾਂ ‘ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਦੀ ਵੋਟਿੰਗ 28 ਅਕਤੂਬਰ ਨੂੰ ਹੋਵੇਗੀ। ਦੂਜੇ ਪੜਾਅ ਦੀਆਂ ਚੋਣਾਂ 3 ਨਵੰਬਰ ਅਤੇ ਆਖ਼ਰੀ ਪੜਾਅ ਦੀਆਂ ਚੋਣਾਂ 7 ਨਵੰਬਰ ਨੂੰ ਹੋਣਗੀਆਂ। ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਆਉਣਗੇ।