India Punjab

333 ਦਿਨ, 600 ਸ਼ਹਾਦਤਾਂ,ਅਡੋਲ ਹੈ ਅੰਨਦਾਤਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਦੇ 333 ਦਿਨ ਅਤੇ 600 ਸ਼ਹਾਦਤਾਂ ਪਰ ਨਹੀਂ ਡੋਲਿਆ ਅੰਨਦਾਤਾ। ਮੀਂਹ, ਹਨੇਰੀ, ਝੱਖੜ, ਠੰਡ ਅਤੇ ਕੋਰਾ ਮੂਹਰੇ ਅੜੇ ਰਹੇ ਕਿਸਾਨ। ਅੰਦਰਲੇ ਅਤੇ ਬਾਹਰਲੇ ਹਮਲੇ ਨਹੀਂ ਵਿਗਾੜ ਸਕੇ ਪ੍ਰਦਰਸ਼ਨਕਾਰੀਆਂ ਦਾ। 11 ਮਹੀਨਿਆਂ ਬਾਅਦ ਹੋਰ ਮਜ਼ਬੂਤ ਹੋ ਕੇ ਨਿਕਲਿਆ ਕਿਸਾਨ ਅੰਦੋਲਨ। ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਤਾਂ ਹੋਰ ਵੀ ਫੜ ਲਈ ਮਜ਼ਬੂਤੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਕਈ ਸੂਬਿਆਂ ਵਿੱਚ। ਬੜੀਆਂ ਚੱਲੀਆਂ ਮਾਰੂ ਹਨੇਰੀਆਂ ਪਰ ਵੱਧਦੀ ਗਈ ਗਿਣਤੀ ਸਿੰਘੂ ਬਾਰਡਰ ‘ਤੇ।

ਕੇਂਦਰ ਦੀ ਭਾਜਪਾ ਸਰਕਾਰ ਨੇ 11 ਮੀਟਿੰਗਾਂ ਕੀਤੀਆਂ ਕਿਸਾਨਾਂ ਨੂੰ ਪਤਿਆਉਣ ਲਈ ਪਰ ਨਹੀਂ ਫਸਿਆ ਮੇਰੇ ਦੇਸ਼ ਦਾ ਕਿਸਾਨ ਸਿਆਸੀ ਜਾਲ ‘ਚ। ਹਾਕਮ ਹਾਰ ਕੇ ਮਾਰੂ ਨੀਤੀ ‘ਤੇ ਉੱਤਰ ਆਇਆ। ਗਣਤੰਤਰ ਦਿਵਸ ਕਾਂਡ ਹੋਵੇ ਜਾਂ ਹਰਿਆਣਾ ਦੇ ਕਰਨਾਲ ਟੋਲ ਪਲਾਜ਼ੇ ‘ਤੇ ਹੋਇਆ ਪੁਲਸੀਆ ਹ ਮਲਾ ਤੇ ਫੇਰ ਜਾਂ ਲਖੀਮਪੁਰ ਖੀਰੀ ਬੇਰਹਿਮੀ ਨਾਲ ਦ ਰੜ ਦਿੱਤੇ ਕਿਸਾਨ ਪਰ ਮੇਰੇ ਦੇਸ਼ ਦੇ ਕਿਸਾਨ ਦੇ ਸਬਰ ਅੱਗੇ ਹਾਕਮ ਗੋਡੇ ਟੇਕਣ ਲੱਗਾ ਹੈ। ਜਦੋਂ ਨਿਹੰਗਾਂ ਦਾ ਵਾਰ ਵੀ ਖਾਲੀ ਗਿਆ ਤਾਂ ਲੱਭਿਆ ਜਾਣ ਲੱਗਾ ਇੱਕ ਹੋਰ ਪਤਿਆਉਣ ਦਾ ਰਾਹ। ਦੇਖੋ, ਵਰਤਿਆ ਜਾਂਦਾ ਹੈ ਪੰਜਾਬ ਦਾ ਰਾਜਾ ਕਿ ਨਹੀਂ। ਚਲੋ ਜੇ ਰਾਜਾ ਤੇ ਸਰਕਾਰ ਇਹ ਗੇਮ ਵੀ ਖੇਡ ਜਾਣ ਤਾਂ ਵੀ ਕਿਸਾਨਾਂ ਦਾ ਵਾਹ ਭਲਾ।

ਅਸਲ ਵਿੱਚ ਹਾਕਮ ਨੂੰ ਕਿਸਾਨਾਂ ਦੀ ਚਿੰਤਾ ਹੋਵੇ ਜਾਂ ਨਾਂਹ ਪਰ ਪੰਜ ਰਾਜਾਂ ਵਿੱਚ ਅਗਲੇ ਸਾਲ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਵਿੱਚ ਹਾਰ ਦਾ ਭੂਤ ਜ਼ਰੂਰ ਡਰਾਉਣ ਲੱਗਾ ਹੈ। ਪੰਜਾਬ ਵਿੱਚ ਤਾਂ ਪਹਿਲਾਂ ਹੀ ਕਿਸਾਨਾਂ ਨੇ ਭਾਜਪਾ ਦਾ ਰਾਹ ਡੱਕ ਦਿੱਤਾ ਸੀ ਹੁਣ ਯੂਪੀ ਵਿੱਚ ਵੀ ਭਾਜਪਾਈਆਂ ਮੂਹਰੇ ਚੱਟਾਨ ਬਣ ਖੜ੍ਹਨ ਲੱਗੇ ਹਨ ਕਿਸਾਨ। ਹਾਕਮ ਫਿਰ ਸਿਆਣਾ ਲੱਗ ਰਿਹਾ ਹੈ, ਪਤਾ ਹੈ ਨਾ ਪੰਜਾਬ ਅਣਖੀਆਂ ਦਾ ਖਿੱਤਾ ਹੈ ਅਤੇ ਯੂਪੀ ਵਿੱਚੋਂ ਅਗਲੀ ਸਰਕਾਰ ਨਿਕਲੇਗੀ। ਕਿਸਾਨ ਮਜ਼ਬੂਤ ਐਂਵੇ ਨਹੀਂ ਹੋਏ, ਪਹਿਲਾਂ ਮੁਜ਼ੱਫ਼ਰਨਗਰ ਦੀ ਕਿਸਾਨ ਮਹਾਂਪੰਚਾਇਤ ਨੇ ਸਿੰਘਾਸਨ ਡੋਲਣ ਲਾਇਆ ਤੇ ਹੁਣ ਲਖਨਊ ਦੀ ਮਹਾਂਪੰਚਾਇਤ ਨਾਲ ਚੂਲਾਂ ਹਿੱਲਣ ਦਾ ਡਰ ਖਾਣ ਲੱਗਾ ਹੈ। ਕਿਸਾਨ ਨਾ ਲਾਲਚ ਵਿਚ ਆਇਆ ਨਾ ਡੰਡਿਆਂ ਤੋਂ ਡਰਿਆ। ਬਸ ਸਰਕਾਰ ਕੋਲ ਹੁਣ ਇੱਕੋ ਚਾਰਾ ਬਚਿਆ ਪਲੋਸਣ ਦਾ ਪਤਿਆਉਣ ਦਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਕੱਤਰ ਜਗਮੋਹਨ ਸਿੰਘ ਕਹਿੰਦੇ ਹਨ ਕਿ ਕੇਂਦਰ ਸਰਕਾਰ ਨੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕੋਈ ਕਸਰ ਨਹੀਂ ਛੱਡੀ ਪਰ ਕਿਸਾਨ ਅਡੋਲ ਰਿਹਾ। ਸਰਗਰਮ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਲੜਾਈ ਅੰਤਲੇ ਦਮ ਤੱਕ ਲੜੀ ਜਾਵੇਗੀ। ਕਿਸਾਨ ਸੰਘਰਸ਼ ਆਮ ਸੰਘਰਸ਼ ਨਹੀਂ ਹੈ, ਇਹ ਦੁਨੀਆ ਲਈ ਇੱਕ ਰਾਹ ਦਸੇਰਾ ਹੋ ਨਿੱਬੜਿਆ ਹੈ, ਇਸ ਲਈ ਪਿੱਛੇ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ।

ਅੰਨਦਾਤਿਆਂ ਵੱਲੋਂ ਸਨਮਾਨਜਨਕ ਰੋਜੀ-ਰੋਟੀ ਸੁਰੱਖਿਅਤ ਕਰਨ ਲਈ 11 ਮਹੀਨਿਆਂ ਦੇ ਸ਼ਾਂਤਮਈ, ਨਿਰੰਤਰ ਅਤੇ ਦ੍ਰਿੜ ਸੰਘਰਸ਼ ਦੇ ਅੱਜ 11 ਮਹੀਨੇ ਪੂਰੇ ਹੋਣ ‘ਤੇ ਦੁਪਹਿਰ 11 ਤੋਂ 2 ਵਜੇ ਤੱਕ ਤਹਿਸੀਲ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਦੇਸ਼ ਵਿਆਪੀ ਪ੍ਰਦਰਸ਼ਨ ਕੀਤੇ ਗਏ ਹਨ। ਕਿਸਾਨ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਅਤੇ ਮੰਤਰੀ ਮੰਡਲ ਤੋਂ ਬਰਖਾਸਤਗੀ ਨੂੰ ਲੈ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪੇ ਗਏ ਹਨ। ਦੂਜੇ ਪਾਸੇ ਮੁਹੰਮਦ ਤੁਗਲਕ ਵਜੋਂ ਜਾਣ ਜਾਂਦੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਹਾਲੇ ਵੀ ਦਾਅਵਾ ਕਰ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੀਆਂ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦਾ ਸਬੰਧ ਭਾਜਪਾ ਜਾਂ ਆਰਐੱਸਐੱਸ ਨਾਲ ਹੈ। ਉਂਝ ਕਿਸਾਨ ਵੀ ਪ੍ਰਧਾਨ ਮੰਤਰੀ ਅਤੇ ਉਹਦੇ ਲਾਣੇ ਸਮੇਤ ਦੂਜੇ ਮੰਤਰੀਆਂ ਵੱਲੋਂ ਦਿੱਤੇ ਬਿਆਨਾਂ ਨੂੰ ਟਿੱਚ ਨਹੀਂ ਜਾਣਦਾ। ਇੱਕ ਵੱਖਰੀ ਜਾਣਕਾਰੀ ਅਨੁਸਾਰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਾ ਕਿਸਾਨ ਪੰਜਾਬ ਵਿੱਚ ਹੋਈ ਬੇਵਕਤੀ ਗੜੇਮਾਰੀ ਨੂੰ ਲੈ ਕੇ ਚਿੰਤਤ ਹੈ ਪਰ ਉਹ ਇਸਦਾ ਪਰਛਾਵਾਂ ਅੰਦੋਲਨ ‘ਤੇ ਪੈਣ ਨਹੀਂ ਦਿੰਦਾ। ਕਿਸਾਨ ਅੰਦੋਲਨ ਦੌਰਾਨ ਹਾੜੀ ਅਤੇ ਸਾਉਣੀ ਦੀਆਂ ਪਹਿਲਾਂ ਸਮੇਟੀਆਂ ਦੋ ਫਸਲਾਂ ਵੇਲੇ ਕਿਹੜਾ ਕਰੋਪੀਆਂ ਦੀ ਮਾਰ ਨਹੀਂ ਪਈ ਪਰ ਕਿਸਾਨ ਹੈਂ ਕਿ ਰਿਕਾਰਡ ਤੋੜ ਫਸਲ ਪੈਦਾ ਕਰਦਿਆਂ ਸੰਘਰਸ਼ ਨੂੰ ਸਫਲ ਬਣਾਉਣ ਲਈ ਜੀਅ-ਜਾਨ ਨਾਲ ਜੂਝ ਰਿਹਾ ਹੈ।