‘ਦ ਖ਼ਾਲਸ ਬਿਊਰੋ :- ਮੁਹਾਲੀ ਪੁਲਿਸ ਵੱਲੋਂ ਲਾਂਡਰਾਂ-ਸਰਹਿੰਦ ਮੁੱਖ ਮਾਰਗ ਵਿਖੇ ਪਿੰਡ ਸਵਾੜਾ ਦੇ ਗਰਾਊਂਡ ‘ਚ ਫਰਜ਼ੀ ਟੀ-20 ਕ੍ਰਿਕਟ ਮੈਚ ਦਾ ਆਨਲਾਈਨ ਪ੍ਰਸਾਰਨ ਸ਼੍ਰੀਲੰਕਾ ਤੋਂ ਦਿਖਾਉਣ ਤੇ ਸੱਟਾ ਖੇਡਣ ਦੇ ਮਾਮਲੇ ਦੀ ਜਾਂਚ ਨੇ ਤੇਜ਼ੀ ਫੜ੍ਹ ਲਈ ਹੈ। ਇਸ ਕੇਸ ਨੂੰ ਮੁਹਾਲੀ ਦੀ SP (ਦਿਹਾਤੀ) ਸ਼੍ਰੀਮਤੀ ਰਵਜੋਤ ਕੌਰ ਗਰੇਵਾਲ ਦੇ ਹੱਥ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਫਰਜ਼ੀ ਕ੍ਰਿਕਟ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਪਛਾਣ ਕਰਨ ‘ਚ ਜੁੱਟੀ ਹੋਈ ਹੈ। ਪੁਲੀਸ ਦੀ ਮੁੱਢਲੀ ਜਾਂਚ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਖਿਡਾਰੀ ਮੁਹਾਲੀ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਨਾਲ ਸਬੰਧਤ ਹਨ।

ਇਸ ਕੇਸ ‘ਚ ਹੁਣ ਤੱਕ ਤਿੰਨ ਮੁਲਜ਼ਮਾਂ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਤੇ ਪੰਕਜ ਅਰੋੜਾ ਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਦੋਵੇਂ ਹਾਲ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕਰ ਲਿਤਾ ਗਿਆ ਹੈ। ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ‘ਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਜਦਕਿ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਂਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ‘ਚ ਰਹਿ ਰਹੇ ਸੀ। ਪਿਛਲੇ ਕੁੱਝ ਹੀ ਸਮੇਂ ਵਿੱਚ ਡੰਡੀਵਾਲ ਨੇ ਕ੍ਰਿਕਟ ਦੇ ਪੁਰਾਣੇ ਖਿਡਾਰੀਆਂ ਨਾਲ ਵੀ ਚੰਗੀ ਜਾਣ-ਪਛਾਣ ਬਣਾ ਲਈ ਸੀ।

ਆਸਟ੍ਰੇਲੀਆ ਦੀ ਵਿਕਟੋਰੀਆ ਪੁਲੀਸ ਨੇ ਪਿਛਲੇ ਹਫ਼ਤੇ ਉਸ ਦੇ ਭਤੀਜੇ ਨੂੰ ਹਿਰਾਸਤ ‘ਚ ਲੈ ਲਿਆ ਸੀ, ਜੋ ਉੱਥੇ ਕੁੱਕ ਦਾ ਕੰਮ ਕਰਦਾ ਸੀ ਤੇ ਮੈਚ ਫਿਕਸਿੰਗ ਤੇ ਸੱਟੇ ਦੇ ਕੰਮ ‘ਚ ਮਾਹਿਰ ਸੀ। ਇਹੀ ਨਹੀਂ ਬ੍ਰਾਜ਼ੀਲ ਵਿੱਚ ਟੇਬਲ ਟੈਨਿਸ ਸੀਰੀਜ਼ ਦੇ ਵੀ ਕਈ ਮੈਚਾਂ ਦੀ ਫਿਕਸਿੰਗ ਕੀਤੀ ਸੀ। ਹਾਲਾਂਕਿ ਡੰਡੀਵਾਲ ਜ਼ੀਰਕਪੁਰ ‘ਚ ਰਹਿੰਦਾ ਸੀ ਪਰ ਜ਼ਿਆਦਾਤਰ ਉਹ ਵਿਦੇਸ਼ੀ ਮੁਲਕਾਂ ਦੇ ਦੌਰਿਆਂ ’ਤੇ ਰਹਿੰਦਾ ਸੀ। ਡੰਡੀਵਾਲ ਨੇ ਖਿਡਾਰੀਆਂ ਦੀਆਂ ਵਰਦੀਆਂ ਵੱਖ-ਵੱਖ ਰੰਗਾਂ ਤੇ ਵੱਖ-ਵੱਖ ਕਲੱਬਾਂ ਦੀਆਂ ਆਨਲਾਈਨ ਆਰਡਰ ਕਰਕੇ ਜਲੰਧਰ ਤੋਂ ਮੰਗਵਾਈਆਂ ਸਨ। ਇਸ ਟੂਰਨਾਮੈਂਟ ਨੂੰ ਵੱਡੇ ਪੱਧਰ ’ਤੇ ਕ੍ਰਿਕਟ ਦੀ ਦੁਨੀਆਂ ‘ਚ ਸੱਟੇਬਾਜ਼ੀ ਕਰਨ ਵਾਲੇ ਵਿਅਕਤੀ/ਬੁੱਕੀ ਜਿਨ੍ਹਾਂ ਵਿੱਚ RPN (ਰਾਹੁਲ ਪਟੇਲ ਨਗਰ ਦਿੱਲੀ), ਸੰਦੀਪ ਜੈਨ ਵਾਸੀ ਦਿੱਲੀ, ਕੁੱਲੂ ਜੈਨ ਵਾਸੀ ਦਿੱਲੀ, ਗੂਗਲ ਦਿੱਲੀ ਦੀ ਸਾਜ਼ਿਸ਼ ਤੇ ਮਿਲੀਭੁਗਤ ਹੋਣ ਦੀ ਗੱਲ ਸਾਹਮਣੇ ਆਈ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਨੇ ਕੀਤੇ ਅਹਿਮ ਖੁਲਾਸੇ 

ਪੁਲੀਸ ਦੀ ਜਾਣਕਾਰੀ ਮੁਤਾਬਿਕ BCCI ਦੀ ਭ੍ਰਿਸ਼ਟਾਚਾਰ ਵਿਰੋਧੀ ਟੀਮ ਦੇ ਮੁਖੀ ਅਲੋਕ ਕੁਮਾਰ ਨੇ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਤੋਂ ਪਿਛਲੇ ਸਾਲਾਂ ਦੌਰਾਨ ਵਿਦੇਸ਼ੀ ਮੁਲਕਾਂ ‘ਚ ਕਰਵਾਏ ਗਏ ਫਰਜ਼ੀ ਮੈਚਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ 2009 ਵਿੱਚ ਕ੍ਰਿਕਟ ਕੌਂਸਲ ਆਫ਼ ਇੰਡੀਆ (CCI) ਦੇ ਨਾਮ ’ਤੇ ਕਲੱਬ ਰਜਿਸਟਰਡ ਕਰਵਾਇਆ ਸੀ। ਸਭ ਤੋਂ ਪਹਿਲਾਂ ਉਸ ਨੇ ਅਗਸਤ-ਸਤੰਬਰ 2016 ਵਿੱਚ ਸ਼੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਇਆ ਸੀ। ਦਸੰਬਰ 2016 ਵਿੱਚ ਆਪਣੇ ਕਲੱਬ ਦੀ ਟੀਮ ਲੈ ਕੇ ਆਸਟ੍ਰੇਲੀਆ ਗਿਆ ਸੀ ਜਿੱਥੇ 25 ਤੋਂ 31 ਦਸੰਬਰ ਤੱਕ ਬਿਲੋ ਫੈਸਟ ਦੇ ਨਾਮ ’ਤੇ ਹਰ ਸਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲਿਆ ਸੀ। ਉਸ ਨੇ 2017 ਵਿੱਚ ਦੁਬਈ ਤੇ ਇੱਕ ਮੈਚ ਕਾਠਮੰਡੂ (ਨੇਪਾਲ) ਵਿੱਚ ਤੇ ਇੱਕ ਮੈਚ ਅਫਗਾਨਿਸਤਾਨ ਵਿੱਚ ਕਰਵਾਇਆ ਸੀ।

Leave a Reply

Your email address will not be published. Required fields are marked *