‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜਣ ਦੀ ਦਿੱਤੀ ਧਮਕੀ ਦੀ ਖਿੱਲੀ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਨੂੰ ਦਿਨ ਦਿਹਾੜੇ ਸੁਪਨੇ ਨਾ ਵੇਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਛੇਤੀ ਕੀਤਿਆਂ ਸੂਬੇ ਦੀ ਸੱਤਾ ‘ਚ ਨਹੀਂ ਆਉਣ ਵਾਲੀ।

ਸੁਖਬੀਰ ਸਿੰਘ ਬਾਦਲ ਵੱਲੋਂ ਧਰਮਸੋਤ ਨੂੰ ਦਿੱਤੀ ਧਮਕੀ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ, ”ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਬਾਰੇ ਤੁਹਾਡੇ ਸੁਪਨੇ ਕਦੀ ਵੀ ਸਾਕਾਰ ਨਹੀਂ ਹੋਣਗੇ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਤੁਹਾਡੇ ਵੱਲੋਂ ਕੀਤੀਆਂ ਵਧੀਕੀਆਂ ਨੂੰ ਅਜੇ ਤੱਕ ਭੁੱਲੇ ਨਹੀਂ ਹਨ।”

ਕੈਪਟਨ ਨੇ ਸੁਖਬੀਰ ਬਾਦਲ ਵੱਲੋਂ ਕੈਬਨਿਟ ਮੰਤਰੀ ਨੂੰ ਬਚਾਉਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਅਜਿਹੇ ਬੇਸ਼ਰਮੀ ਭਰੇ ਝੂਠਾਂ ਅਤੇ ਬੇਬੁਨਿਆਦ ਦਾਅਵਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਸੂਬੇ ਦੇ ਲੋਕ ਤੁਹਾਡੇ ਬਿਨਾਂ ਸਿਰ-ਪੈਰ ਵਾਲੇ ਦੋਸ਼ਾਂ ਦੇ ਜਾਲ ਵਿੱਚ ਨਹੀਂ ਫਸਣ ਵਾਲੇ। ਉਨ੍ਹਾਂ ਕਿਹਾ ਕਿ ਇਹ ਉਹੀ ਮਾਨਸਿਕਤਾ ਹੈ, ਜਿਨ੍ਹਾਂ ਨੇ ਅਕਾਲੀ-ਭਾਜਪਾ ਦੇ ਸਾਸ਼ਨਕਾਲ ਦੌਰਾਨ ਹਜ਼ਾਰਾਂ ਬੇਕਸੂਰ ਪੰਜਾਬੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ। ਸਾਡੀ ਸਰਕਾਰ ਅਜੇ ਵੀ ਬਾਦਲਾਂ ਦੀ ਬਦਲਾਖੋਰੀ ਦੇ ਸਤਾਏ ਹੋਏ ਪੀੜਤਾਂ ਨੂੰ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਕੈਪਟਨ ਨੇ ਕਿਹਾ ਕਿ ਅਕਾਲੀ ਲੀਡਰ ਵੱਲੋਂ ਦਲਿਤ ਵਿਦਿਆਰਥੀਆਂ ਨਾਲ ਅਨਿਆਂ ਦੀ ਗੱਲ ਕਰਨਾ ਨਿਰੀ ਪਾਖੰਡਬਾਜ਼ੀ ਹੈ ਜਦਕਿ ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਵੀ ਭਾਈਵਾਲ ਸਨ, ਨੇ ਪੋਸਟ ਮੈਟ੍ਰਿਕ ਐਸ.ਸੀ. ਸਕਾਲਰਸ਼ਿਪ ਸਕੀਮ ਇਕਦਮ ਖਤਮ ਕਰ ਕੇ ਇਨ੍ਹਾਂ ਵਿਦਿਆਰਥੀਆਂ ਨਾਲ ਘੋਰ ਬੇਇਨਸਾਫੀ ਕੀਤੀ ਹੈ। ਜੇਕਰ ਤੁਹਾਨੂੰ ਦਲਿਤ ਵਿਦਿਆਰਥੀਆਂ ਨਾਲ ਸੱਚਮੁਚ ਹੀ ਕੋਈ ਸਰੋਕਾਰ ਹੈ ਤਾਂ ਤੁਸੀਂ ਐਨ.ਡੀ.ਏ. ਸਰਕਾਰ ਨੂੰ ਅਜਿਹੀ ਬੇਇਨਸਾਫੀ ਕਰਨ ਦੀ ਆਗਿਆ ਕਿਉਂ ਦਿੱਤੀ?

ਉਨ੍ਹਾਂ ਕਿਹਾ ਕਿ ਦੋਗਲਾਪਨ ਅਕਾਲੀਆਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਜਿਸ ਕਰਕੇ ਅਕਾਲੀ ਆਪਣੀ ਅਸਲੀਅਤ ਤੋਂ ਪਰਦਾ ਚੁੱਕੇ ਜਾਣ ਦੀ ਵੀ ਪਰਵਾਹ ਨਹੀਂ ਕਰਦੇ। ਸੂਬੇ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਮਾਫੀਆ ਚਲਾਉਣ ਬਾਰੇ ਸੁਖਬੀਰ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕੈਪਟਨ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਆਪਣੀ ਪਾਰਟੀ ਦੇ ਵਿਧਾਇਕਾਂ ਤੇ ਲੀਡਰਾਂ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨਾਲ ਰਲਗੱਡ ਨਾ ਕਰੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਦੇ ਉਲਟ ਕਾਂਗਰਸੀ ਵਿਧਾਇਕ ਮਾਫੀਆ ਨਹੀਂ ਚਲਾਉਂਦੇ, ਸਗੋਂ ਇਸ ਦਾ ਸਫਾਇਆ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਹ ਬੇਬੁਨਿਆਦ ਦੋਸ਼ ਉਸ ਦੀ ਹਰ ਹਾਲ ਵਿੱਚ ਸੱਤਾ ਵਿੱਚ ਆਉਣ ਦੀ ਬੁਖਲਾਹਟ ਦਾ ਪ੍ਰਗਟਾਵਾ ਕਰਦੇ ਹਨ ਅਤੇ ਖਾਸ ਕਰਕੇ ਉਸ ਵੇਲੇ ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਉਸ ਦੀ ਪਾਰਟੀ ਪੂਰੀ ਤਰ੍ਹਾਂ ਨੁੱਕਰੇ ਲੱਗ ਚੁੱਕੀ ਹੈ।

Leave a Reply

Your email address will not be published. Required fields are marked *