India International Punjab

ਹਾਏ-ਹਾਏ, ਆਹ ਕੀ ਨਿਕਲ ਆਇਆ ਚਿਕਨ ਬਰਗਰ ‘ਚੋਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਰਗਰ, ਨਿਊਡਲਾਂ ਤੇ ਕਦੇ ਸੂਪ ਵਿੱਚੋਂ ਕਿਰਲੀਆਂ, ਕਾਕਰੋਚ ਮਿਲਣ ਦੀਆਂ ਖਬਰਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ। ਪਰ ਜ਼ਰਾ ਸੋਚੋ ਕਿ ਤੁਹਾਡੇ ਮੰਗਵਾਏ ਫੂਡ ‘ਚੋਂ ਕੋਈ ਇਨਸਾਨੀ ਅੰਗ ਨਿਕਲ ਆਵੇ ਤਾਂ ਤੁਹਾਡੀ ਹਾਲਤ ਕਿੰਨੀ ਪਤਲੀ ਹੋ ਸਕਦੀ ਹੈ। ਕਈ ਵਾਰ ਅੰਨ੍ਹੇਵਾਹ ਮੰਗਵਾਇਆ ਇਹ ਖਾਣਾ ਅਸੀਂ ਫਟਾਫਟ ਦੰਦਾਂ ਨਾਲ ਦਰੜ ਦਿੰਦੇ ਹਾਂ ਤੇ ਪਤਾ ਬਾਅਦ ਵਿੱਚ ਲੱਗਦਾ ਹੈ ਕਿ ਅਸੀਂ ਕੀ ਨਿਗਲ ਗਏ।

ਕੁੱਝ ਇਹੋ ਜਿਹਾ ਵਾਪਰਿਆ ਬੋਲੀਵੀਆ ਦੀ ਰਹਿਣ ਵਾਲੀ ਇਕ ਔਰਤ ਨਾਲ, ਜਿਸਨੇ ਮੰਗਵਾਇਆ ਤਾਂ ਚਿਕਨ ਬਰਗਰ ਸੀ, ਪਰ ਉਸਦੀ ਪਹਿਲੀ ਬਾਇਟ ਵਿੱਚ ਇਨਸਾਨੀ ਉਂਗਲ ਚੱਬੀ ਗਈ। ਇਸ ਔਰਤ ਨੇ ਸੁਪਰਮਾਰਕੀਟ ਤੋਂ ਹੈਮ ਬਰਗਰ ਲਿਆ ਸੀ ਤੇ ਘਰ ਆਕੇ ਜਦੋਂ ਗਰਮ ਕਰਕੇ ਖਾਥਾ ਤਾਂ ਮੱਥੇ ਉੱਤੇ ਤ੍ਰੇਲੀਆਂ ਆ ਗਈਆਂ। ਬਰਗਰ ਵਿੱਚ ਇਨਸਾਨ ਦੀ ਵੱਢੀ ਹੋਈ ਉਂਗਲ ਸੀ, ਜੋ ਉਸਤੋਂ ਨਿਗਲ ਵੀ ਹੋ ਗਈ।

ਡੇਲੀਮੇਲ ਦੀ ਰਿਪੋਰਟ ਮੁਤਾਬਿਕ ਏਸਟੇਫਨੀ ਬੇਨਿਟੇਜ਼ ਨਾਂ ਦੀ ਇਸ ਔਰਤ ਨਾਲ ਇਹ ਘਟਨਾ ਵਾਪਰੀ ਹੈ। ਉਸਨੇ ਦੱਸਿਆ ਕਿ ਜਦੋਂ ਉਸਦੇ ਗਰਮ-ਗਰਮ ਬਰਗਰ ਨੂੰ ਪਹਿਲਾ ਚੱਕ ਮਾਰਿਆ ਤਾਂ ਉਸਨੂੰ ਲੱਗਿਆ ਕਿ ਉਸਦੇ ਮੂੰਹ ਵਿੱਚ ਕੋਈ ਸਖਤ ਚੀਜ਼ ਹੈ। ਉਸਨੇ ਸ਼ੱਕ ਜਾਹਿਰ ਕੀਤਾ ਕਿ ਸ਼ਾਇਦ ਕੰਪਨੀ ਨੇ ਬਿਨਾਂ ਦੇਖੇ ਇਹ ਬਰਗਰ ਵੇਚਿਆ ਹੈ।

ਬਾਅਦ ਵਿੱਚ ਮਿਲੀ ਜਾਣਕਾਰੀ ਮੁਤਾਬਿਕ ਬਰਗਰ ਬਣਾਉਣ ਵਾਲੇ ਇੱਕ ਮਜ਼ਦੂਰ ਦੀਆਂ ਦੋ ਉਂਗਲਾਂ ਇਹ ਚਿਕਨ ਬਰਗਰ ਬਣਾਉਣ ਵੇਲੇ ਕੱਟੀਆਂ ਗਈਆਂ ਸਨ। ਕੰਪਨੀ ਨੇ ਚਿਕਨ ਨੂੰ ਧਿਆਨ ਨਾਲ ਨਹੀਂ ਦੇਖਿਆ ਤੇ ਇਸਦਾ ਬਰਗਰ ਬਣ ਗਿਆ। ਹਾਲੇ ਸਿਰਫ ਇਕ ਉਂਗਲ ਮਿਲੀ ਹੈ, ਦੂਜੀ ਉਂਗਲ ਦੀ ਭਾਲ ਕੀਤੀ ਜਾ ਰਹੀ ਹੈ। ਕੰਪਨੀ ਨੂੰ ਸ਼ੱਕ ਹੈ ਕਿ ਉਹ ਵੀ ਕਿਸੇ ਹੋਰ ਬਰਗਰ ਵਿੱਚ ਪੈਕ ਹੋ ਗਈ ਹੈ।

ਦੱਸ ਦਈਏ ਕਿ ਫੂਡ ਬਣਾਉਣ ਤੇ ਡਿਲਵਰ ਕਰਨ ਵਾਲੀਆਂ ਕੰਪਨੀਆਂ ਦੀਆਂ ਅਣਗਹਿਲੀਆਂ ਵੱਡੇ ਪੱਧਰ ਉੱਤੇ ਸਾਹਮਣੇ ਆ ਰਹੀਆਂ ਹਨ। ਜਿੱਥੇ ਇਨ੍ਹਾਂ ਕੰਪਨੀਆਂ ਦੀ ਜਿੰਮੇਦਾਰੀ ਹੈ ਕਿ ਉਹ ਭੋਜਨ ਬਣਾਉਂਦੇ ਤੇ ਪੈਕ ਕਰਦੇ ਸਾਫ ਸਫਾਈ ਦਾ ਧਿਆਨ ਰੱਖਣ, ਉੱਥੇ ਸਾਡੀ ਵੀ ਜਿੰਮੇਦਾਰੀ ਹੈ ਕਿ ਬਾਹਰੋਂ ਮੰਗਵਾਇਆ ਇਹੋ ਜਿਹਾ ਫਾਸਟ ਫੂਡ ਥੋੜ੍ਹਾ ਠਰੰਮੇ ਨਾਲ ਅੱਖਾਂ ਖੋਲ੍ਹ ਕੇ ਖਾਈਏ ਤਾਂ ਜੋ ਇਹੋ ਜਿਹਾ ਵਾਕਿਆ ਸਾਡੇ ਨਾਲ ਨਾ ਵਾਪਰ ਜਾਵੇ।