India Khalas Tv Special Punjab

ਅੱਜ ਦੇ ਦਿਨ ਕਿੰਝ ਸਾਜਿਆ ਸੀ ਖਾਲਸਾ, ਖ਼ਾਲਸੇ ਦੀ ਜਨਮ ਭੂਮੀ ‘ਤੇ ਲੱਗੀਆਂ ਰੌਣਕਾਂ

ਖ਼ਾਲਸ ਬਿਊਰੋ :ਪੰਜਾਬ ਨੂੰ ਮੇਲਿਆਂ ਦੇ ਦੇਸ਼ ਕਿਹਾ ਜਾਂਦਾ ਹੈ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮੰਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿੱਚੋਂ ਇੱਕ ਹੈ। ਵਿਸਾਖੀ ਦਾ ਤਿਉਹਾਰ ਵਿਸਾਖ ਦੀ ਸੰਗਰਾਦ ਵਾਲੇ ਦਿਨ ਮੰਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਇਤਿਹਾਰ,ਧਰਮ ਅਤੇ ਸਭਿਆਚਾਰ ਨਾਲ ਹੈ। ਵਿਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਦੱਖਕੇ ਖੁਸ਼ੀ ਨਾਲ ਨੱਚ ਉਠਦਾ ਹੈ।

ਧਾਰਮਿਕ ਮਹੱਤਤਾ : ਵਿਸਾਖੀ ਦਾ ਮੇਲਾ ਧਾਰਮਿਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਹੈ। ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖ ਕੌਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਤਖ਼ਤ ਸ੍ਰੀ ਕੇਸਗੜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਜਾਤਾਂ ਨਾਲ ਸਬੰਧਤ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਫਿਰ ਉਹਨਾਂ ਹੱਥੋਂ ਆਪ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਸਿੱਖਾਂ ਨੂੰ ਆਪਣੇ ਨਾਂ ਦੇ ਨਾਲ ਸਿੰਘ ਅਤੇ ਕੌਰ ਲਾਉਣ ਦਾ ਹੁਕਮ ਦਿੱਤਾ। ਇਸ ਦਿਨ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਉਂਦੀ ਹੈ। ਇਸ ਦਿਨ ਗੁਰਦੁਆਰਿਆਂ ਵਿੱਚ ਦੀਵਾਨ ਸਜਦੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ 12 ਸ਼ਸਤਰ ਵੀ ਸੁਸ਼ੋਭਿਤ ਹਨ।  ਵਿਸਾਖੀ ਦਾ ਤਿਉਹਾਰ ਖਾਲਸਾ ਪੰਥ ਦੇ ਸਥਾਪਨੀ ਦਿਵਸ ਵਜੋਂ ਬੜੀ ਧੂਮ ਧਾਮ ਨਾਲ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੰਨਾਇਆ ਜਾਂਦਾ ਹੈ। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ।

ਇਤਿਹਾਸਿਕ ਮਹੱਤਤਾ: ਵਿਸਾਖੀ ਨੂੰ ਜਿੱਥੇ ਨਵੀਂ ਫਸਲ ਦੀ ਆਮਦ ਅਤੇ ਖ਼ਾਲਸੇ ਦੇ ਜਨਮ ਦਿਹਾੜੇ ਨਾਲ ਜੋੜ ਕੇ ਮਨਾਇਆ ਜਾਂਦਾ ਹੈ, ਉੱਥੇ ਹੀ ਇਸ ਨਾਲ ਜਲ੍ਹਿਆਂਵਾਲੇ ਬਾਗ (ਅੰਮ੍ਰਿਤਸਰ)  ਦਾ ਸਾਕਾ ਵੀ ਜੋੜਿਆ ਜਾਂਦਾ ਹੈ, ਜਦੋਂ ਜਨਰਲ ਡਾਇਰ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਿੰਘਾਂ ਉੱਤੇ ਗੋਲੀ ਚਲਾਈ ਅਤੇ ਇਹ ਖ਼ੂਨੀ ਸਾਕਾ ਵਿਸਾਖੀ ਵਾਲੇ ਦਿਨ ਨਾਲ ਜੁੜ ਗਿਆ।

ਸੰਨ 1919 ਵਿੱਚ ਜਦ ਅੰਗਰੇਜ਼ਾਂ ਦੁਆਰਾ ਲਾਗ ਰੋਲਟ ਐਕਟ ਦਾ ਵਿਰੋਧ ਸਾਰੇ ਦੇਸ਼ ਵਿੱਚ ਹੋ ਰਿਹਾ ਸੀ। ਪੰਜਾਬ ਵਿੱਚ ਵਿਸ਼ੇਸ਼ ਰੂਪ ਨਾਲ ਸਰਕਾਰ ਨੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਪੰਜਾਬ ਵਾਸੀਆਂ ਨੇ 13 ਅਪ੍ਰੈਲ, 1919 ਈ. ਨੂੰ ਵਿਸਾਖੀ ਦੇ ਸ਼ੁੱਭ ਮੌਕੇ ਤੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਇੱਕ ਵਿਸ਼ਾਲ ਸਭਾ ਦਾ ਆਯੋਜਨ ਕੀਤਾ। ਹਜ਼ਾਰਾਂ ਲੋਕ ਉੱਥੇ ਇਕੱਠੇ ਹੋਏ।ਇਸ ਬਾਗ਼ ਦੇ ਇੱਕ ਦਰਵਾਜ਼ੇ ਉੱਤੇ ਜਨਰਲ ਡਾਇਰ ਨੇ ਬਿਨਾਂ ਕੋਈ ਚਿਤਾਵਨੀ ਦਿੱਤੇ ਸਭਾ ਉੱਪਰ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਤੀਆਂ।ਇਸ ਦਿਲ ਨੂੰ ਹਿਲਾਉਣ ਵਾਲੇ ਹੱਤਿਆਕਾਂਡ ਵਿੱਚ ਲਗਭਗ 400 ਵਿਅਕਤੀ ਮਾਰੇ ਗਏ ਅਤ ਲਗਪਗ 1000 ਵਿਅਕਤੀ ਜ਼ਖ਼ਮੀ ਹੋ ਗਏ। ਸ਼ਹੀਦਾਂ ਦੀ ਯਾਦ ਵਿੱਚ ਜਲਿਆਂਵਾਲਾ ਬਾਗ ਵਿੱਚ ਲਾਲ ਪੱਥਰ ਦਾ ਇੱਕ ਸੁੰਦਰ ਸਮਾਰਕ ਬਣਾਇਆ ਗਿਆ। ਇਸ ਲਈ ਵਿਸਾਖੀ ਦੇ ਮੌਕੇ ‘ਤੇ ਇੱਥੇ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਭਾਰਤ ਦੇ ਇਤਿਹਾਸ ਵਿੱਚ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ।

ਪੰਜਾਬ ਦੇ ਹਰੇਕ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਅਨੇਕ ਸਮਾਰੋਹ ਹੁੰਦੇ ਹਨ। ਮੇਲੇ ਲਗਦੇ ਹਨ ਅਤੇ ਕੁਸ਼ਤੀਆਂ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ। ਲੋਕ ਨਵੇਂ-ਨਵੇਂ ਕਪੜੇ ਪਾ ਕੇ ਇਹਨਾਂ ਸਮਾਰੋਗਾਂ ਵਿਚ ਸ਼ਾਮਲ ਹੁੰਦੇ ਹਨ। ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮੰਨਾਇਆ ਜਾਂਦਾ ਹੈ। ਇਸਨੂੰ ਕਿਸਾਨਾਂ ਦਾ ਮੇਲਾ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਹਨ। ਕਿਸਾਨਾਂ ਦੇ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ।

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾ ਦੇ ਸ਼ਾਰਾਂ ਦਾ ਹਿਸਾਬ  ਕੱਟ ਕੇ,

 ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,

ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇ ਕੇ,

ਕੱਛੇ ਮਾਰ ਵੰਢਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।