International

ਅਮਰੀਕਾ ਦੇ ਹਿੰਦੂ ਮੋਦੀ ਦੇ ਮਿੱਤਰ ਟਰੰਪ ਨੂੰ ਛੱਡ ਕੇ ਬੀਡੇਨ ਨੂੰ ਪਾਉਣਗੇ ਵੋਟਾਂ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ’ਚ ਨਵੰਬਰ ਮਹੀਨੇ ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ਜਿਸ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟ ਉਮੀਦਵਾਰ ਜੋਅ ਬੀਡੇਨ ਦੀ ਚੋਣ ਪ੍ਰਚਾਰ ਮੁਹਿੰਮ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ, ਅਤੇ ਇਸ ਵਿੱਚ ਸ਼ਾਮਲ ਭਾਰਤੀ ਮੂਲ ਦੇ ਮੈਂਬਰਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੀ ਜਿੱਤ ’ਚ ਹਿੰਦੂ ਅਮਰੀਕੀ ਅਹਿਮ ਭੂਮਿਕਾ ਨਿਭਾਉਣਗੇ ਤੇ ਬੀਡੇਨ ਭਰੋਸੇ ਤੇ ਸੰਵਾਦ ਦੇ ਆਧਾਰ ’ਤੇ ਭਾਰਤ ਨਾਲ ਰਚਨਾਤਮਕ ਤੇ ਸਾਕਾਰਾਤਮਕ ਸਬੰਧ ਸਥਾਪਤ ਕਰਨ ਲਈ ਹਮੇਸ਼ਾ ਕੰਮ ਕਰਨਗੇ।

‘ਹਿੰਦੂ ਅਮੇਰੀਕਨਜ਼ ਫਾਰ ਬੀਡੇਨ’ ਅਤੇ ‘ਸਾਊਥ ਏਸ਼ੀਅਨਜ਼ ਫਾਰ ਬੀਡੇਨ’ ਵੱਲੋਂ ਕਰਵਾਏ ਗਏ ਸਮਾਗਮ ’ਚ ਦੱਖਣੀ ਤੇ ਮੱਧ ਏਸ਼ੀਆ ਲਈ ਵਿਦੇਸ਼ ਮੰਤਰਾਲੇ ਦੀ ਸਾਬਕਾ ਸਹਾਇਕ ਮੰਤਰੀ ਨਿਸ਼ਾ ਬਿਸਵਾਲ ਨੇ ਕਿਹਾ ਕਿ ਬੀਡੇਨ ਦਾ ਪ੍ਰਸ਼ਾਸਨ ਭਾਰਤ ਨਾਲ ਰਚਨਾਤਮਕ ਤੇ ਸਕਾਰਾਤਮਕ ਸਬੰਧ ਬਣਾਏ ਰੱਖਣ ਲਈ ਹਮੇਸ਼ਾ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ, ‘ਬੀਡੇਨ ਦੇ ਪ੍ਰਸ਼ਾਸਨ ’ਚ ਭਾਰਤ ਨੂੰ ਲੈ ਕੇ ਹਮੇਸ਼ਾ ਵਿਸ਼ਵਾਸ ਤੇ ਸੰਵਾਦ ਰਹੇਗਾ।’ KPMJ ਇੰਡੀਆ ਦੇ CEO ਤੇ ਪ੍ਰਧਾਨ ਅਰੁਣ ਕੁਮਾਰ ਨੇ ਕਿਹਾ, ‘ਹਿੰਦੂ ਸਚਾਈ ਦੀ ਖੋਜ ਲਈ ਸ਼ਮੂਲੀਅਤ ਕਰ ਰਹੇ ਹਨ।’ ਅਰੁਣ ਕੁਮਾਰ, ਕੈਲੀਫੋਰਨੀਆ ਦੇ ਫ੍ਰੇਮੌਂਟ ਦੀ ਸਾਬਕਾ ਉੱਪ ਮੇਅਰ ਅਨੂ ਨਟਰਾਜਨ ਅਤੇ ਕੈਰੇਬਿਆਈ ਹਿੰਦੂ ਨੇਤਾ ਅਮਿੰਤਾ ਕਿਲਾਵਨ ਨਰਾਇਣੇ ਸਮੇਤ ਕਈ ਆਗੂਆਂ ਨੇ ਭਾਰਤੀ-ਅਮਰੀਕੀਆਂ ਨੂੰ ਬਾਇਡਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ।