India

ਕੇਰਲਾ ‘ਚ ਏਅਰ ਇੰਡੀਆ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

‘ਦ ਖ਼ਾਲਸ ਬਿਊਰੋ:- ਦੁਬਈ ਤੋਂ ਕੇਰਲਾ ਪਰਤਿਆ ਏਅਰ ਇੰਡੀਆ ਦਾ ਇੱਕ ਜਹਾਜ਼ 7 ਅਗਸਤ ਨੂੰ ਕੇਰਲਾ ਦੇ ਕੋਜ਼ੀਕੋਡ ‘ਚ ਕਾਰੀਪੁਰ ਹਵਾਈ ਅੱਡੇ ’ਤੇ ਉਤਰਨ ਮੌਕੇ ਹਵਾਈ ਪੱਟੀ ਤੋਂ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਕਾਰਨ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ। ਇਸ ਹਾਦਸੇ ਵਿੱਚ ਦੋਵੇਂ ਪਾਇਲਟਾਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 50 ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਏਅਰ ਇੰਡੀਆ IX 1344 ਦੀ ਉਡਾਣ ਸ਼ਾਮ ਕਰੀਬ 7:40 ਵਜੇ ਹਵਾਈ ਅੱਡੇ ’ਤੇ ਉੱਤਰੀ। ਉਸ ਸਮੇਂ ਭਾਰੀ ਮੀਂਹ ਪੈ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਪਰ ਜਹਾਜ਼ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ ਹੈ।

ਜਹਾਜ਼ ਰਨਵੇ ਤੋਂ ਅੱਗੇ ਨਿਕਲ ਕੇ ਖੱਡ ਵਿੱਚ ਡਿੱਗ ਗਿਆ ਸੀ। ਜਹਾਜ਼ ਦੇ ਅਗਲੇ ਹਿੱਸੇ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਅਨੁਸਾਰ, ਉਡਾਣ ਵਿੱਚ ਦੋ ਪਾਇਲਟਾਂ ਸਮੇਤ ਛੇ ਕਰਿਊ ਮੈਂਬਰ ਸਵਾਰ ਸਨ। ਇਸ ਉਡਾਣ ਵਿੱਚ 174 ਯਾਤਰੀ ਸਵਾਰ ਸਨ। ਜਿਸ ‘ਚ 128 ਪੁਰਸ਼ ਅਤੇ 46 ਮਹਿਲਾ ਯਾਤਰੀ ਸ਼ਾਮਲ ਹਨ। ਜਹਾਜ਼ ਹਾਦਸੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਇਹ ਉਡਾਣ ਵੰਦੇ ਭਾਰਤ ਮਿਸ਼ਨ ਤਹਿਤ ਯਾਤਰੀਆਂ ਨੂੰ ਦੁਬਈ ਤੋਂ ਕੇਰਲਾ ਲੈ ਕੇ ਆਈ ਸੀ। ਪੁਲਿਸ ਅਤੇ ਅੱਗ ਬੁਝਾਊ ਅਮਲਾ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟ ਗਏ ਸਨ। ਫਾਇਰ ਟੈਂਡਰ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਦੁੱਖ ਜਤਾਇਆ ਹੈ।  DGCM ਨੇ ਇਸ ਘਟਨਾ ਦੀ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਹਨ।


ਇਸ ਹਾਦਸੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ “ਕੇਰਲਾ ਦੇ ਕੋਜ਼ੀਕੋਡ ਵਿੱਚ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਦਰਦਨਾਕ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। NDRF ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜਲਦੀ ਤੋਂ ਜਲਦੀ ਇਸ ਜਗ੍ਹਾ ‘ਤੇ ਪਹੁੰਚਣ ਅਤੇ ਬਚਾਅ ਕਾਰਜਾਂ ਵਿੱਚ ਸਹਾਇਤਾ ਕਰਨ।