Punjab

ਰਾਸ਼ਟਰਪਤੀ ਦੀ ਨਾਂਹ ਤੋਂ ਬਾਅਦ ਕੈਪਟਨ ਨੇ ਦਿੱਲੀ ‘ਚ ਧਰਨਾ ਦੇਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਹਾਲਾਤ ਦਿਨੋ-ਦਿਨ ਖਰਾਬ ਹੁੰਦੇ ਜਾ ਰਹੇ ਹਨ ਅਤੇ ਸਾਰੇ ਥਰਮਲ ਪਲਾਂਟ ਵੀ ਬੰਦ ਹੁੰਦੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ‘ਤੇ ਰੋਕ ਲਗਾਉਣ ਦੇ ਰੋਸ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ। ਰਾਸ਼ਟਰਪਤੀ ਵੱਲੋਂ ਮੁਲਾਕਾਤ ਦਾ ਸਮਾਂ ਨਾ ਮਿਲਣ ਕਾਰਨ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਦੇ ਰਾਜਘਾਟ ਵਿੱਚ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਧਰਨਾ ਦੇਣਗੇ।

ਕੈਪਟਨ ਨੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਕੈਪਟਨ ਨੂੰ ਤਿੰਨ ਵਾਰ ਪਹੁੰਚ ਕਰਨ ਤੋਂ ਬਾਅਦ ਵੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਧਾਰਾ 144 ਲੱਗੀ ਹੋਈ ਹੈ। ਇਸ ਲਈ ਇੱਕ ਥਾਂ ‘ਤੇ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ, ਜਿਸ ਕਰਕੇ ਉਨ੍ਹਾਂ ਵੱਲੋਂ ਰਾਜਘਾਟ ‘ਤੇ ਧਰਨਾ ਦਿੱਤਾ ਜਾਵੇਗਾ।

ਕੈਪਟਨ ਨੇ ਕਿਹਾ ਕਿ ਵਿਧਾਨਸਭਾ ਵਿੱਚ 4 ਖੇਤੀ ਬਿੱਲਾਂ ਨੂੰ ਪਾਸ ਕਰਨ ਤੋਂ ਬਾਅਦ ਅਗਲੇ ਦਿਨ 21 ਅਕਤੂਬਰ ਨੂੰ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਸੀ।  29 ਅਕਤੂਬਰ ਨੂੰ ਰਾਸ਼ਟਰਪਤੀ ਭਵਨ ਨੂੰ ਮੁੜ ਤੋਂ ਯਾਦਗਾਰੀ ਪੱਤਰ ਭੇਜਿਆ ਗਿਆ ਪਰ ਹੁਣ ਰਾਸ਼ਟਰਪਤੀ ਭਵਨ ਵੱਲੋਂ ਪੱਤਰ ਆਇਆ ਹੈ ਕਿ ਉਹ 4 ਨਵੰਬਰ ਨੂੰ ਨਹੀਂ ਮਿਲ ਸਕਦੇ।

ਪੰਜਾਬ ਵਿੱਚ ਖ਼ਤਮ ਹੋ ਰਿਹਾ ਹੈ ਕੋਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕੋਲਾ ਖ਼ਤਮ ਹੋ ਰਿਹਾ ਹੈ। ਪ੍ਰਾਈਵੇਟ ਬਿਜਲੀ ਪਲਾਂਟ ਬੰਦ ਹੋ ਰਹੇ ਹਨ। ਤਰਨਤਾਰਨ ਦੇ ਗੋਵਿੰਦਵਾਲ ਥਰਮਲ  ਵੱਲੋਂ ਪਲਾਂਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰੇਲ ਸੇਵਾ ਪੂਰੀ ਤਰ੍ਹਾਂ ਨਾਲ ਬੰਦ ਹੋਣ ਦੀ ਵਜ੍ਹਾ ਕਰਕੇ ਸੂਬੇ ਵਿੱਚ ਜ਼ਰੂਰੀ ਚੀਜ਼ਾਂ ਦੀ ਘਾਟ ਹੋ ਗਈ ਹੈ। ਬਿਜਲੀ ਦੀ ਕਮੀ ਦਾ ਅਸਰ ਪੰਜਾਬ ਦੇ ਹਰ ਖੇਤਰ ‘ਤੇ ਪਵੇਗਾ, ਜਿਸ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।