‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 23ਵਾਂ ਦਿਨ ਵਿੱਚ ਦਾਖਲ ਹੋ ਗਿਆ ਹੈ। ਸਰਕਾਰੀ ਮੀਡੀਆ ਹਰ ਤਰੀਕੇ ਨਾਲ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਯਤਨਸ਼ੀਲ ਹੈ ਪਰ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੇ ਲਈ ਟਰਾਲੀ ਟਾਈਮਜ਼ ਨਾਂ ਦਾ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਹੈ।

ਇਸ ਅਖਬਾਰ ਦੇ ਪਹਿਲੇ ਸਫੇ ਦਾ ਸਿਰਲੇਖ ਹੈ – ਜੁੜਾਂਗੇ, ਲੜਾਂਗੇ, ਜਿੱਤਾਂਗੇ। ਅੱਜ ਸਵੇਰੇ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਟਰਾਲੀ ਟਾਈਮਜ਼ ਅਖਬਾਰ ਦੀਆਂ ਕਰੀਬ ਦੋ ਹਜ਼ਾਰ ਕਾਪੀਆਂ ਵੰਡੀਆਂ ਗਈਆਂ ਹਨ।

ਟਰਾਲੀ ਟਾਈਮਜ਼ ਅਖਬਾਰ ਵਿੱਚ ਕੀ ਹੈ ਖ਼ਾਸ ?

ਇਹ ਦੋ ਹਫਤਾਵਾਰੀ ਅਖਬਾਰ ਹੈ, ਜੋ ਕਿਸਾਨਾਂ ਨੂੰ ਮਹੀਨੇ ਵਿੱਚ ਦੋ ਵਾਰ ਮੁਹੱਈਆ ਹੋਇਆ ਕਰੇਗੀ। ਟਰਾਲੀ ਟਾਈਮਜ਼ ਅਖਬਾਰ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ 46 ਸਾਲਾ ਇੱਕ Scriptwriter ਸੁਰਮੀਤ ਮਾਵੀ ਨੇ ਸ਼ੁਰੂ ਕੀਤਾ। ਇਸ ਅਖਬਾਰ ਵਿੱਚ ਚਾਰ ਸਫੇ ਹਨ। ਇਸਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਚਾਰ ਪੰਨਿਆਂ ਵਿੱਚੋਂ ਇੱਕ ਹਿੰਦੀ ਵਿੱਚ ਹੈ, ਦੂਸਰੇ ਤਿੰਨ ਪੰਨੇ ਪੰਜਾਬੀ ਵਿੱਚ ਹਨ।

ਅਖਬਾਰ ਵਿੱਚ ਕੇਂਦਰੀ ਮੰਤਰੀਆਂ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੁਆਰਾ ਲਿਖੇ ਗਏ ਸੁਝਾਅ, ਤਸਵੀਰਾਂ, ਕਾਰਟੂਨ, ਕਵਿਤਾਵਾਂ, ਸਮਾਚਾਰ ਰਿਪੋਰਟ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜੋ ਕਿ ਕਿਸਾਨ ਯੂਨੀਅਨਾਂ ਦੇ ਲੀਡਰਾਂ ਅਤੇ ਅੰਦੋਲਨਕਾਰੀ ਕਿਸਾਨਾਂ ਵੱਲੋਂ ਲਿਖੇ ਗਏ ਹਨ। ਜਾਣਕਾਰੀ ਮੁਤਾਬਕ ਇਸ ਅਖਬਾਰ ਨੂੰ ਸ਼ੁਰੂ ਕਰਨ ਦਾ ਵਿਚਾਰ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਨਰਿੰਦਰ ਭਿੰਦਰ ਦੀ ਟਰਾਲੀ ਤੋਂ ਆਇਆ।

ਸੁਰਮੀਤ ਮਾਵੀ ਅਤੇ ਗੁਰਦੀਪ ਸਿੰਘ ਨੇ ਮਿਲ ਕੇ ਸ਼ੁਰੂ ਕੀਤਾ ਅਖਬਾਰ

ਸੁਰਮੀਤ ਮਾਵੀ ਅਤੇ ਗੁਰਦੀਪ ਸਿੰਘ ਨੂੰ ਕਿਸਾਨੀ ਅੰਦੋਲਨ ਦੌਰਾਨ ਪੰਜਾਬੀ ਕਿਸਾਨ ਨਰਿੰਦਰ ਭਿੰਦਰ ਦੀ ਟਰਾਲੀ ਦੇ ਅੰਦਰ ਬੈਠਿਆਂ ਅਖਬਾਰ ਪ੍ਰਕਾਸ਼ਿਤ ਕਰਨ ਦਾ ਵਿਚਾਰ ਆਇਆ। ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ, ਦੋ ਭਾਸ਼ਾਵਾਂ ਵਿੱਚ ਅਖਬਾਰ ਦੀ ਸ਼ੁਰੂਆਤ ਕੀਤੀ। ਸੁਰਮੀਤ ਮਾਵੀ ਨੇ ਬਰਨਾਲਾ ਸਥਿਤ ਫੋਟੋਗ੍ਰਾਫਰ ਗੁਰਦੀਪ ਸਿੰਘ ਧਾਲੀਵਾਲ ਦੇ ਨਾਲ ਮਿਲ ਕੇ ਟਰਾਲੀ ਟਾਈਮਜ਼ ਅਖਬਾਰ ਦੀ ਸ਼ੁਰੂਆਤ ਕੀਤੀ। ਟਰਾਲੀ ਟਾਈਮਜ਼ ਆਖਬਾਰ ਪੜ੍ਹਣ ਦੇ ਲਈ ਕਲਿੱਕ ਕਰੋ :-

Trolley Times – final

ਕਿਸਾਨਾਂ ਦੇ ਅਖਬਾਰ ਨਾਲ ਮਿਲੇਗਾ ਬੋਲਣ ਦਾ ਮੰਚ

ਸੁਰਮੀਤ ਮਾਵੀ ਨੇ ਕਿਹਾ ਕਿ ਉਨ੍ਹਾਂ ਨੂੰ ਅਖਬਾਰ ਸ਼ੁਰੂ ਕਰਨ ਦੀ ਪ੍ਰੇਰਣਾ ਕਿਸਾਨਾਂ ਤੋਂ ਮਿਲੀ ਹੈ। ਕਿਸਾਨਾਂ ਨੂੰ ਸਰਕਾਰ ਦੇ ਸਾਹਮਣੇ ਆਪਣੀ ਗੱਲ ਰੱਖਣ ਦੇ ਲਈ ਮੰਚ ਆਸਾਨੀ ਨਾਲ ਨਹੀਂ ਮਿਲਦਾ। ਇਸ ਅਖਬਾਰ ਦੇ ਜ਼ਰੀਏ ਉਨ੍ਹਾਂ ਨੂੰ ਇੱਕ ਮੰਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਕਿਸਾਨ ਆਪਣੇ ਵਿਚਾਰਾਂ ਨੂੰ ਸਰਕਾਰ ਤੱਕ ਪਹੁੰਚਾ ਸਕਦੇ ਹਨ। ਸਰਕਾਰ ਦੀਆਂ ਯੋਜਨਾਵਾਂ ਅਤੇ ਵਿਚਾਰ ਕਿਸਾਨਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ।

ਅਖਬਾਰ ਨੂੰ ਪ੍ਰਕਾਸ਼ਿਤ ਕਰਨ ਦੇ ਵਿਚਾਰ ਮਗਰੋਂ ਵਲੰਟੀਅਰਸ ਦੀ ਇੱਕ ਟੀਮ ਨੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ, ਕਿਸਾਨਾਂ ਕੋਲ ਪਹੁੰਚ ਕੀਤੀ ਅਤੇ ਸਾਰੀ ਜਾਣਕਾਰੀ ਇਕੱਠੀ ਕੀਤੀ। ਇਸ ਨੂੰ ਪ੍ਰਕਾਸ਼ਿਤ ਕਰਨ ਵਾਸਤੇ ਕਿਸੇ ਤੋਂ ਕੋਈ ਮਾਲੀ ਮਦਦ ਜਾਂ ਫੰਡ ਇਕੱਠਾ ਨਹੀਂ ਕੀਤਾ ਗਿਆ ਹੈ।

ਕਿਸਾਨਾਂ ਨੇ ਟਰਾਲੀ ਟਾਈਮਜ਼ ਅਖਬਾਰ ਦਾ ਕੀਤਾ ਸਵਾਗਤ

ਕਿਸਾਨਾਂ ਨੇ ਟਰਾਲੀ ਟਾਈਮਜ਼ ਅਖਬਾਰ ਦਾ ਨਿੱਘਾ ਸਵਾਗਤ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਗਦਰ ਲਹਿਰ ਅਤੇ ਸਿੰਘ ਸਭਾ ਲਹਿਰ ਨਾਲ ਸੰਬੰਧਿਤ ਅਖ਼ਬਾਰਾਂ ਅਤੇ ਦਸਤਾਵੇਜ਼ ਤਵਾਰੀਖ ਦਾ ਹਿੱਸਾ ਹਨ, ਆਸ ਹੈ ਕਿ ਇਹ ਟਰਾਲੀ ਟਾਈਮਜ਼ ਅਖਬਾਰ ਵੀ ਇਸੇ ਲੜੀ ਦਾ ਹਿੱਸਾ ਹੋਵੇਗਾ।

Leave a Reply

Your email address will not be published. Required fields are marked *