India

ਦੋ ਸਾਲਾ ਬੱਚੀ ਸਮੇਤ 25 ਬੀਬੀਆਂ ਦੇ ਜਥੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਚਾਣਕਿਆਪੁਰੀ ਤੋਂ ਦਿੱਲੀ ਪੁਲਿਸ ਨੇ 3 ਮਾਰਚ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਾ ਰਹੀਆਂ 25 ਔਰਤਾਂ ਦੇ ਜਥੇ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਜਥੇ ਵਿੱਚ ਇੱਕ ਦੋ ਸਾਲਾ ਬੱਚੀ ਯਸਮੀ ਕੌਰ ਵੀ ਸ਼ਾਮਿਲ ਹੈ, ਜਿਸਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਹਾਲਾਂਕਿ, ਇਨ੍ਹਾਂ ਨੂੰ ਬਾਅਦ ਵਿੱਚ ਤਿਲਕ ਮਾਰਗ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ ਸੀ।

ਔਰਤਾਂ ਦਾ ਇਹ ਜਥਾ 3 ਮਾਰਚ ਨੂੰ ਸਵੇਰੇ ਇੱਕ ਟੈਂਪੂ ਵਿੱਚ ਸਵਾਰ ਹੋ ਕੇ ਸਿੰਘੂ ਬਾਰਡਰ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਾ ਰਿਹਾ ਸੀ। ਟੈਂਪੂ ਉੱਤੇ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨ ਮੋਰਚਾ ਦਾ ਝੰਡਾ ਲਗਾਇਆ ਹੋਇਆ ਸੀ। ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨ ਮੋਰਚਾ ਵਾਲਾ ਝੰਡਾ ਉਤਾਰਨ ਲਈ ਕਿਹਾ ਸੀ ਪਰ ਔਰਤਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਕਿਸਾਨ ਮੋਰਚੇ ਦੇ ਕਾਨੂੰਨੀ ਸੈੱਲ ਮੈਂਬਰ ਵਸੂ ਕੁਕਰੇਜਾ ਨੇ ਕਿਹਾ ਕਿ ‘ਉਨ੍ਹਾਂ ਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਉਨ੍ਹਾਂ ਦੇ ਵਾਹਨ ‘ਤੇ ਨਿਸ਼ਾਨ ਸਾਹਿਬ ਅਤੇ ਕਿਸਾਨ ਮੋਰਚਾ ਦੇ ਝੰਡੇ ਲੱਗੇ ਹੋਏ ਸਨ। ਜਦੋਂ ਔਰਤਾਂ ਨੇ ਝੰਡੇ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।’

ਕੁਕਰੇਜਾ ਨੇ ਕਿਹਾ ਕਿ ‘ਕਾਨੂੰਨ ਮੁਤਾਬਕ ਤੁਸੀਂ ਕਿਸੇ ਨੂੰ ਵੀ ਸ਼ਾਮ 7 ਵਜੇ ਤੋਂ ਬਾਅਦ ਜਾਂ ਫਿਰ ਸੂਰਜ ਡੁੱਬਣ ਤੋਂ ਬਾਅਦ ਗ੍ਰਿਫਤਾਰ ਜਾਂ ਨਜ਼ਰਬੰਦ ਨਹੀਂ ਕਰ ਸਕਦੇ। ਇੱਕ ਦੋ ਸਾਲਾ ਬੱਚੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸੰਯੁਕਤ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਲਿਖਾਂਗੇ ਅਤੇ ਅਸੀਂ ਉਨ੍ਹਾਂ ਦੇ ਖਿਲਾਫ POCSO ਐਕਟ ਦੇ ਤਹਿਤ ਕੇਸ ਵੀ ਦਰਜ ਕਰ ਸਕਦੇ ਹਾਂ।’

ਸੋਸ਼ਲ ਮੀਡੀਆ ‘ਤੇ ਵੀ ਪੁਲਿਸ ਦੀ ਇਸ ਕਾਰਵਾਈ ਦੀ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।