‘ਦ ਖ਼ਾਲਸ ਬਿਊਰੋ – ਇਤਿਹਾਸਕ ਵਿਰਾਸਤਾਂ ਦੀ ਸਹੀ ਤਰ੍ਹਾਂ ਸਾਂਭ-ਸੰਭਾਲ ਨਾ ਕਰਨ ਕਰਕੇ ਅੱਜ ਡੇਢ ਸਦੀ ਪੁਰਾਣੇ ਜੈਤੋ ਦੇ ਇਤਿਹਾਸਕ ਕਿਲ੍ਹੇ ’ਤੇ ਲਗਾਤਾਰ ਇੱਕ ਸਾਲ ਮਗਰੋਂ ਫਿਰ ਮੌਸਮ ਨੇ ਕਹਿਰ ਢਾਹਿਆ ਹੈ। ਸਾਲ ਭਰ ਤੋਂ ਬਾਹਰ ਵੱਲ ਝੁਕਿਆ ਖੜ੍ਹਾ ਡਿਉਢੀ ਦਾ ਖੱਬਾ ਹਿੱਸਾ ਅੱਜ ਭਾਰੀ ਮੀਂਹ ਦੀ ਕਰੋਪੀ ਸਦਕਾ ਢਹਿ-ਢੇਰੀ ਹੋ ਗਿਆ। ਪਿਛਲੇ ਵਰ੍ਹੇ 17 ਜੁਲਾਈ ਨੂੰ ਕਿਲ੍ਹੇ ਦੀ ਡਿਉਢੀ ’ਚ ਬਣਿਆ ਉਹ ਬੰਦੀਖਾਨਾ ਵੀ ਮਿੱਟੀ ਵਿੱਚ ਮਿਲ ਗਿਆ ਸੀ, ਜਿਸ ਵਿੱਚ ‘ਜੈਤੋ ਦੇ ਮੋਰਚੇ’ ਵਕਤ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬ੍ਰਿਟਿਸ਼ ਹਕੂਮਤ ਨੇ ਕੈਦ ਕੀਤਾ ਸੀ। ਇਹ ਇਤਿਹਾਸਕ ਵਿਰਾਸਤ ਨਾਭਾ ਰਿਆਸਤ ਦੇ ਮਹਾਰਾਜੇ ਰਿਪੁਦਮਨ ਸਿੰਘ ਨੇ ਉਸਾਰੀ ਸੀ। ਜੈਤੋ ਨਾਭਾ ਰਿਆਸਤ ਦਾ ਆਖ਼ਰੀ ਨਗਰ ਸੀ। ਇਸ ਤੋਂ ਅੱਗੇ ਫ਼ਰੀਦਕੋਟ ਰਿਆਸਤ ਸ਼ੁਰੂ ਹੋ ਜਾਂਦੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੀ ਸਵੈ-ਜੀਵਨੀ ਅਨੁਸਾਰ ਉਨ੍ਹਾਂ ਦੀ ਪਹਿਲੀ ਸਿਆਸੀ ਗ੍ਰਿਫ਼ਤਾਰੀ ਜੈਤੋ ’ਚ ਹੋਈ ਸੀ। 20ਵੀਂ ਸਦੀ ਦੇ ਅੰਤਲੇ ਦਹਾਕੇ ਤੱਕ ਕਿਲ੍ਹੇ ’ਚ ਜੈਤੋ ਦਾ ਥਾਣਾ ਰਿਹਾ ਪਰ ਫਿਰ ਨਹਿਰੂ ਨਾਲ ਸੰਬੰਧਿਤ ਹਿੱਸਾ ਛੱਡ ਕੇ ਬਾਕੀ ਕਿਲ੍ਹੇ ਦੀ ਥਾਂ ਥਾਣੇ ਦੀ ਨਵੀਂ ਇਮਾਰਤ ਉਸਾਰ ਦਿੱਤੀ ਗਈ। ਗਾਂਧੀ ਖਾਨਦਾਨ ’ਚੋਂ ਰਾਜੀਵ ਗਾਂਧੀ, ਰਾਹੁਲ ਗਾਂਧੀ ਸਮੇਤ ਕਈ ਸਿਆਸੀ ਆਗੂਆਂ ਅਤੇ ਨਾਮਵਰ ਹਸਤੀਆਂ ਇਸ ਸਮਾਰਕ ਨੂੰ ਵੇਖਣ ਆਉਂਦੀਆਂ ਰਹੀਆਂ। ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਸਮੇਂ ਕਰੀਬ 63 ਲੱਖ ਰੁਪਏ ਖ਼ਰਚ ਕੇ ਇਸ ਜਗ੍ਹਾ ਦਾ ਨਵੀਨੀਕਰਨ ਕੀਤਾ ਗਿਆ। 19 ਫਰਵਰੀ 2018 ਨੂੰ ਸੈਰ ਸਪਾਟਾ ਵਿਭਾਗ ਦੇ ਮੰਤਰੀ ਦੀ ਹੈਸੀਅਤ ਵਿੱਚ ਜੈਤੋ ਆਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿੱਚ ਜਨਤਕ ਮੰਚ ਤੋਂ 50 ਲੱਖ ਦੀ ਰਕਮ ਇਸ ਵਿਰਾਸਤ ਨੂੰ ਸਾਂਭਣ ਲਈ ਦੇਣ ਦਾ ਐਲਾਨ ਕੀਤਾ ਸੀ। ਪਰ ਸਿੱਧੂ ਦੇ ਮੰਤਰੀ ਦੇ ਅਹੁਦੇ ਤੋਂ ਹਟਣ ’ਤੇ ਢਾਈ ਸਾਲਾਂ ’ਚ ਸਰਕਾਰੀ ਖ਼ਜ਼ਾਨੇ ’ਚੋਂ ਇੱਕ ਧੇਲਾ ਵੀ ਇਸ ਸਮਾਰਕ ’ਤੇ ਨਹੀਂ ਖ਼ਰਚਿਆ ਗਿਆ। ਸਹੀ ਤਰ੍ਹਾਂ ਸਾਂਭ-ਸੰਭਾਲ ਨਾ ਹੋਣ ਕਰਕੇ ਮੌਸਮੀ ਕਹਿਰ ਨੇ ਦੋ ਸਾਲਾਂ ’ਚ ਇਸ ਯਾਦਗਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਇੱਥੇ ਹਰ ਸਾਲ ‘ਬਾਲ ਦਿਵਸ’ ਮਨਾਉਣ ਦੀ ਰਵਾਇਤ ਕਾਇਮ ਰੱਖਦੇ ਆ ਰਹੇ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਗਠਨ ਦੇ ਆਗੂ ਰਾਮ ਰਾਜ ਸੇਵਕ ਨੇ ਵਿਰਾਸਤ ਦੀ ਦਰਦਨਾਕ ਮੌਜੂਦਾ ਦਸ਼ਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਲਈ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਵੋਟ ਪ੍ਰਬੰਧ ਨੇ ਸਿਆਸਤਦਾਨਾਂ ’ਚੋਂ ਦੇਸ਼ ਭਗਤੀ ਦਾ ਜਜ਼ਬਾ ਖਤਮ ਕਰ ਦਿੱਤਾ ਹੈ।

Leave a Reply

Your email address will not be published. Required fields are marked *