‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦਾ ਅਸਰ ਹਰ ਛੋਟੇ-ਵੱਡੇ ਮੁਲਕ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ‘ਚ ਵੀ ਦਿਨੋਂ-ਦਿਨ ਬੇਰੁਜ਼ਗਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਮਰੀਕਾ ਵਿੱਚ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ‘ਚ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ। ਜਿਸ ‘ਤੇ ਅਮਰੀਕੀ ਕਿਰਤ ਮੰਤਰਾਲੇ ਵੱਲੋਂ ਪਿਛਲੇ ਦੋ ਹਫਤਿਆਂ ਦੀ ਗਿਰਾਵਟ ਤੋਂ ਬਾਅਦ ਮੁੜ ਬੇਰੁਜ਼ਗਾਰੀ ਭੱਤਾ ਲੈਣ ਦੀ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ 10 ਲੱਖ ਤੋਂ ਪਾਰ ਹੋਣ ਦੇ ਅੰਕੜਿਆਂ ਨੂੰ ਜਾਰੀ ਕੀਤਾ ਹੈ।

ਮੰਤਰਾਲੇ ਵੱਲੋਂ 20 ਅਗਸਤ ਨੂੰ ਜਾਰੀ ਕੀਤੇ ਇਹਨਾਂ ਤਾਜ਼ਾ ਅੰਕੜਿਆਂ ਮੁਤਾਬਿਕ 11 ਲੱਖ ਲੋਕਾਂ ਨੇ ਪਿਛਲੇ ਹਫ਼ਤੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਸੀ ਅਤੇ ਲਗਾਤਾਰ ਦੋ ਹਫਤਿਆਂ ਦੀ ਗਿਰਾਵਟ ਦੇ ਬਾਅਦ ਉਨ੍ਹਾਂ ਦੀ ਗਿਣਤੀ ‘ਚ ਵਾਧਾ ਹੋਣਾ, ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਬਹੁਤ ਸਾਰੇ ਮਾਲਕ ਅਜੇ ਵੀ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਫੈਲਣ ਦੇ ਪੰਜ ਮਹੀਨਿਆਂ ਤੋਂ ਬਾਅਦ ਅਮਰੀਕੀ ਅਰਥਵਿਵਸਥਾ ਵੀ ਕਮਜ਼ੋਰ ਚੱਲ ਰਹੀ ਹੈ। ਇਹ ਸਥਿਤੀ ਕੁੱਝ ਕਾਰੋਬਾਰ ਮੁੜ ਖੁੱਲ੍ਹਣ ‘ਤੇ ਇਸ ਤੋਂ ਬਾਅਦ ਕੁੱਝ ਸੈਕਟਰਾਂ ਜਿਵੇਂ ਹਾਊਸਿੰਗ ਤੇ ਮੈਨੂਫੈਕਚਰਿੰਗ ‘ਚ ਤੇਜ਼ੀ ਤੋਂ ਬਾਅਦ ਆਈ ਹੈ।

ਰਾਸ਼ਟਰਪਤੀ ਟਰੰਪ ਨੇ ਦਿੱਤੀ ਬੇਰੁਜ਼ਗਾਰੀ ਭੱਤੇ ਦੀ ਨਵੀਂ ਸਕੀਮ

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਇੱਕ ਨਵੀਂ ਸੰਘੀ ਬੇਰੁਜ਼ਗਾਰੀ ਸਹਾਇਤਾ ਯੋਜਨਾ ‘ਤੇ ਹਸਤਾਖਰ ਕੀਤੇ ਸਨ। ਜਿਸ ਦੇ ਤਹਿਤ ਲੋਕਾਂ ਨੂੰ ਹੁਣ ਹਰ ਹਫ਼ਤੇ 300 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਰਾਜ ਸਰਕਾਰਾਂ ਆਪਣੇ ਪੱਧਰ ‘ਤੇ ਹੋਰ ਯੋਜਨਾਵਾਂ ਵੀ ਚਲਾ ਰਹੀਆਂ ਹਨ।

Leave a Reply

Your email address will not be published. Required fields are marked *