India Punjab

ਮੁੜ ਤੋਂ ਲੌਕਡਾਊਨ ਹੋਣ ਦੇ ਡਰ ਤੋਂ ਘੜ ਮੁੜ ਰਹੇ ਪਰਵਾਸੀ ਕਾਮਿਆਂ ਨੂੰ ਰੇਲਵੇ ਨੇ ਦਿੱਤੀ ਰਾਹਤ ਵਾਲੀ ਖੁਸ਼ਖ਼ਬਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਰੇਲਵੇ ਨੇ ਲੌਕਡਾਊਨ ਦੀਆਂ ਅਫਵਾਹਾਂ ਵਿਚਾਲੇ ਘਰ ਮੁੜ ਰਹੇ ਪਰਵਾਸੀ ਕਾਮਿਆਂ ਨੂੰ ਰਾਹਤ ਭਰੀ ਖਬਰ ਦਿੱਤੀ ਹੈ। ਰੇਲਵੇ ਨੇ ਕਿਹਾ ਹੈ ਕਿ ਰੇਲਵੇ ਬੋਰਡ ਵੱਲੋਂ ਰੇਲ ਸੇਵਾਵਾਂ ਨੂੰ ਰੋਕਣ ਜਾਂ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਲੌਕਡਾਊਨ ਦੇ ਡਰੋਂ ਪਰਵਾਸੀ ਕਾਮਿਆਂ ਵੱਲੋਂ ਇਕ ਵਾਰ ਫਿਰ ਆਪਣੇ ਘਰਾਂ ਨੂੰ ਵਾਪਸੀ ਲਈ ਚਾਲੇ ਪਾਉਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਦਰਮਿਆਨ ਰੇਲਵੇ ਨੇ ਮੁਸਾਫ਼ਰਾਂ ਨੂੰ ਭਰੋਸਾ ਦਿੱਤਾ ਹੈ ਕਿ ਮੰਗ ਮੁਤਾਬਕ ਉਨ੍ਹਾਂ ਨੂੰ ਰੇਲਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਰੇਲਵੇ ਅਧਿਕਾਰੀਆਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

ਰੇਲਾਂ ਦੀ ਕੋਈ ਘਾਟ ਨਹੀਂ, ਲੋੜ ਮੁਤਾਬਿਕ ਚੱਲਣਗੀਆਂ ਰੇਲ ਗੱਡੀਆਂ

ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ, ਦੱਖਣੀ ਰੇਲਵੇ ਦੇ ਜਨਰਲ ਮੈਨੇਜਰ ਜੌਹਨ ਥੌਮਸ ਅਤੇ ਉੱਤਰੀ ਤੇ ਕੇਂਦਰੀ ਰੇਲਵੇ ਦੇ ਸੀਪੀਆਰਓਜ਼ ਨੇ ਮੀਡੀਆ ਰਾਹੀਂ ਪਰਵਾਸੀ ਕਾਮਿਆਂ ਵੱਲੋਂ ਰੇਲਗੱਡੀਆਂ ਜ਼ਰੀਏ ਆਪਣੇ ਪਿੱਤਰੀ ਸ਼ਹਿਰਾਂ ਨੂੰ ਹਿਜਰਤ ਕਰ ਜਾਣ ਦੀਆਂ ਰਿਪੋਰਟਾਂ ਨੂੰ ਵੀ ਖਾਰਜ ਕੀਤਾ ਹੈ। ਸ਼ਰਮਾ ਨੇ ਮੁਸਾਫ਼ਰਾਂ ਨੂੰ ਭਰੋਸਾ ਦਿੱਤਾ ਕਿ ਰੇਲਗੱਡੀਆਂ ਦੀ ਕੋਈ ਘਾਟ ਨਹੀਂ ਹੈ ਤੇ ਰੇਲਵੇ ਸ਼ਾਰਟ ਨੋਟਿਸ ’ਤੇ ਰੇਲਗੱਡੀਆਂ ਨੂੰ ਉਨ੍ਹਾਂ ਦੀ ਸੇਵਾ ’ਚ ਚਲਾਉਣ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾਂ ਕਿਹਾ ਕਿ ਰੇਲ ਸੇਵਾਵਾਂ ਨੂੰ ਰੋਕਣ ਜਾਂ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਲੋੜ ਮੁਤਾਬਕ ਵੱਧ ਤੋਂ ਵੱਧ ਰੇਲਗੱਡੀਆਂ ਚਲਾਵਾਂਗੇ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਭੀੜ ਪੈਣ ’ਤੇ ਅਸੀਂ ਮੰਗ ਮੁਤਾਬਕ ਫੌਰੀ ਗੱਡੀਆਂ ਚਲਾ ਸਕਦੇ ਹਾਂ।